ਗੁਰਬਾਣੀ ਦੀ ਸਰਲ ਵਿਆਖਿਆ ਭਾਗ(237)
ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥
ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ ॥
ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥
ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥
ਹਰਿ ਸਤਿ ਸਤਿ ਮੇਰੇ ਬਾਬੋਲਾ ਹਰਿ ਜਨ ਮਿਲਿ ਜੰਞ ਸੁੋਹੰਦੀ ॥3॥
ਹੇ ਮੇਰੇ ਪਿਤਾ, ਪ੍ਰਭੂ ਪਤੀ ਸਦਾ ਕਾਇਮ ਰਹਣ ਵਾਲਾ ਹੈ, ਸਦਾ ਕਾਇਮ ਰਹਣ ਵਾਲਾ ਹੈ। ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ ਉਸ ਪ੍ਰਭੂ ਦੇ ਭਗਤ-ਜਨ ਮਿਲ ਕੇ ਮਾਨੋ ਸੋਹਣੀ ਜੰਞ ਬਣਦੇ ਹਨ। ਜੀਵ-ਇਸਤ੍ਰੀ ਇਨ੍ਹਾਂ ਸਤ-ਸੰਗੀਆਂ ਵਿਚ ਰਹਿ ਕੇ, ਪੇਕੇ ਘਰ ਵਿਚ, ਮਨੁੱਖਾ ਜਨਮ ਵਿਚ ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਵੀ ਬਹੁਤ ਸੋਭਾ ਪਾਂਦੀ ਹੈ। ਗੁਰੂ ਦੀ ਸਰਨ ਪੈ ਕੇ ਉਨ੍ਹਾਂ ਜੀਵ-ਇਸਤ੍ਰੀਆਂ ਦਾ ਸਾਰਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ, ਵੱਸ ਵਿਚ ਕਰ ਕੇ ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ।
ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ- ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ। ਹੇ ਮੇਰੇ ਪਿਤਾ, ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ, ਉਸ ਪ੍ਰਭੂ ਦੇ ਭਗਤ-ਜਨ ਮਿਲ ਕੇ ਮਾਨੋ ਸੋਹਣੀ ਜੰਞ ਬਣਦੇ ਹਨ।3।
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥4॥
ਹੇ ਮੇਰੇ ਪਿਤਾ, ਮੈਂ ਤੈਥੋਂ ਦਾਜ ਮੰਗਦੀ ਹਾਂ, ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ। ਮੈਨੂੰ ਹਰੀ ਦਾ ਨਾਮ ਹੀ ਦਾਜ ਦੇ ਕਪੜੇ ਦੇਹ, ਮੈਨੂੰ ਹਰੀ ਦਾ ਨਾਮ ਹੀ ਦਾਜ ਦੇ ਗਹਿਣੇ ਆਦਿ ਧਨ ਦੇਹ, ਏਸੇ ਦਾਜ ਨਾਲ ਮੇਰਾ ਪ੍ਰਭੂ-ਪਤੀ ਨਾਲ ਵਿਆਹ ਸੋਹਣਾ ਲੱਗਣ ਲੱਗ ਪਵੇ।
ਪਰਮਾਤਮਾ ਦੀ ਭਗਤੀ ਨਾਲ ਹੀ, ਪ੍ਰਭੂ ਨਾਲ ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ। ਜਿਸ ਜੀਵ-ਮੁਟਿਆਰ ਨੂੰ ਗੁਰੂ ਨੇ ਇਹ ਦਾਨ, ਇਹ ਦਾਜ ਦਿਵਾਇਆ ਹੈ, ਹਰੀ ਨਾਮ ਦੇ ਦਾਜ ਨਾਲ ਉਸ ਦੀ ਸੋਭਾ ਉਸ ਦੇ ਦੇਸ਼ ਵਿਚ, ਸੰਸਾਰ ਵਿਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ, ਬਰਾਬਰੀ ਨਹੀਂ ਕਰ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ, ਵਿਖਾਲਾ ਪਾਂਦੇ ਹਨ, ਉਹ ਝੂਠਾ ਹੰਕਾਰ ਪੈਦਾ ਕਰਨ ਵਾਲਾ ਹੈ, ਉਹ ਕੱਚ ਸਮਾਨ ਹੈ, ਉਹ ਨਿਰਾ ਵਿਖਾਵਾ ਹੀ ਹੈ। ਹੇ ਮੇਰੇ ਪਿਤਾ, ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ।4।
ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥
ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥
ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥
ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥
ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥5॥1॥
ਹੇ ਮੇਰੇ ਪਿਤਾ, ਹਰੀ-ਪਤੀ ਨਾਲ, ਰਾਮ-ਪਤੀ ਨਾਲ ਮਿਲ ਕੇ, ਜੀਵ ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ। ਅਨੇਕਾਂ ਜੁਗਾਂ ਤੋਂ, ਸਦਾ ਤੋਂ ਹੀ ਗੁਰੂ ਦੀ, ਪ੍ਰਭੂ-ਪਤੀ ਦੀ, ਪੀੜ੍ਹੀ ਚਲੀ ਆਉਂਦੀ ਹੈ। ਹਰੇਕ ਜੁਗ ਵਿਚ ਗੁਰੂ ਦੀ ਪੀੜ੍ਹੀ, ਨਾਦੀ ਸੰਤਾਨ ਚੱਲ ਪੈਂਦੀ ਹੈ। ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਗੁਰੂ ਦੀ ਪੀੜ੍ਹੀ ਹਨ, ਉਹ ਗੁਰੂ ਦੀ ਨਾਦੀ ਸੰਤਾਨ ਹਨ।
ਪਰਮਾਤਮਾ ਐਸਾ ਪਤੀ ਹੈ, ਜੋ ਕਦੀ ਵੀ ਨਾਸ ਨਹੀਂ ਹੁੰਦਾ, ਜੋ ਕਦੇ ਵੀ ਨਹੀਂ ਮਰਦਾ। ਉਹ ਸਦਾ ਦਾਤਾਂ ਬਖਸ਼ਦਾ ਹੈ, ਉਸ ਦੀ ਦਾਤ ਸਦਾ ਵਧਦੀ ਰਹਿੰਦੀ ਹੈ।
ਹੇ ਨਾਨਕ, ਭਗਤ-ਜਨ ਤੇ ਭਗਤਾਂ ਦਾ ਪਿਆਰਾ ਪ੍ਰਭੂ ਇਕ ਰੂਪ ਹਨ। ਪਰਮਾਤਮਾ ਦਾ ਨਾਮ ਜਪ-ਜਪ ਕੇ ਜੀਵ-ਇਸਤ੍ਰੀ, ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ।
ਹੇ ਮੇਰੇ ਪਿਤਾ, ਹਰੀ-ਪਤੀ ਨਾਲ, ਰਾਮ-ਪਤੀ ਨਾਲ ਮਿਲ ਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ, ਉਸ ਦੀ ਸੰਗਤ ਵਿਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹੇ ਪੈ ਜਾਂਦੇ ਹਨ।5।1।
ਚੰਦੀ ਅਮਰ ਜੀਤ ਸਿੰਘ (ਚਲਦਾ)