ਗੁਰਬਾਣੀ ਦੀ ਸਰਲ ਵਿਆਖਿਆ ਭਾਗ(238)
ਸਿਰੀਰਾਗੁ ਮਹਲਾ 5 ਛੰਤ
ੴ ਸਤਿ ਨਾਮੁ ਗੁਰ ਪ੍ਰਸਾਦਿ ॥
ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥
ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥
ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥
ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥
ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥
ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥1॥
ਹੇ ਮੇਰੇ ਪਿਆਰੇ ਮਨ, ਹੇ ਮੇਰੇ ਮਿੱਤ੍ਰ ਮਨ, ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ। ਹੇ ਪਿਆਰੇ ਮਨ, ਹੇ ਮਿੱਤ੍ਰ ਮਨ, ਇਹ ਹਰ ਨਾਮ ਸਦਾ ਤੇਰੇ ਨਾਲ ਸਾਥ ਨਿਬਾਹੇਗਾ। ਹੇ ਮਨ, ਪਰਮਾਤਮਾ ਦਾ ਨਾਮ ਸਿਮਰ, ਇਹੀ ਤੇਰੇ ਨਾਲ ਰਹੇਗਾ, ਇਹੀ ਤੇਰਾ ਸਾਥੀ ਰਹੇਗਾ। ਜਿਹੜਾ ਵੀ ਮਨੁੱਖ ਇਹ ਹਰਿ ਨਾਮ ਸਿਮਰਦਾ ਹੈ, ਉਹ ਦੁਨੀਆ ਤੋਂ ਖਾਲੀ-ਹੱਥ ਨਹੀਂ ਜਾਂਦਾ। ਹੇ ਭਾਈ, ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਚਿੱਤ ਜੋੜ, ਤੂੰ ਸਾਰੇ ਮਨ-ਇੱਛਤ ਫਲ ਪ੍ਰਾਪਤ ਕਰ ਲਵੇਂਗਾ।
ਹੇ ਮੇਰੇ ਮਨ, ਜਗਤ ਦਾ ਮਾਲਕ ਪ੍ਰਭੂ ਜਲ ਵਿਚ, ਧਰਤੀ ਤੇ ਹਰ ਥਾਂ, ਭਰਪੂਰ ਹੈ, ਇਹ ਹਰ ਸਰੀਰ ਵਿਚ ਵਿਆਪਕ ਹੋ ਕੇ ਮਿਹਰ ਦੀ ਨਿਗਾਹ ਨਾਲ ਹਰੇਕ ਨੂੰ ਵੇਖਦਾ ਹੈ। ਹੇ ਪਿਆਰੇ ਮਨ, ਨਾਨਕ ਤੈਨੂੰ ਸਿਖਿਆ ਦੇਂਦਾ ਹੈ. ਸਾਧ-ਸੰਗਤ ਵਿਚ ਰਹਿ ਕੇ ਆਪਣੀ ਭਟਕਣਾ ਖਤਮ ਕਰ।1।
ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥
ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥
ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥
ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥
ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥
ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥2॥
ਹੇ ਮੇਰੇ ਪਿਆਰੇ ਮਨ, ਹੇ ਮੇਰੇ ਮਿੱਤ੍ਰ ਮਨ, ਪਰਮਾਤਮਾ ਤੋਂ ਬਿਨਾ ਹੋਰ ਕੋਈ, ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ, ਇਹ ਸਾਰਾ ਜਗਤ ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ। ਹੇ ਪਿਆਰੇ ਮਨ, ਇਹ ਸੰਸਾਰ ਇਕ ਸਮੁੰਦਰ ਹੈ, ਜੋ ਜ਼ਹਰ ਨਾਲ ਭਰਿਆ ਪਿਆ ਹੈ। ਹੇ ਮਨ, ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ, ਇਸ ਦੀ ਬਰਕਤ ਨਾਲ ਕੋਈ ਸਹਮ, ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ। ਪਰ ਜੀਵ ਦੇ ਵੱਸ ਦੀ ਗੱਲ ਨਹੀਂ, ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ।
ਆਦਿ ਤੋਂ ਹੀ, ਜੁਗਾਂ ਦੇ ਆਦਿ ਤੋਂ ਹੀ ਪਰਮਾਤਮਾ ਆਪਣੇ ਸੇਵਕਾਂ ਦਾ ਰਾਖਾ ਚਲਿਆ ਆ ਰਿਹਾ ਹੈ, ਪਰਮਾਤਮਾ ਦੇ ਭਗਤਾਂ ਲਈ ਪਰਮਾਤਮਾ ਦਾ ਨਾਮ ਸਦਾ ਹੀ ਜ਼ਿੰਦਗੀ ਦਾ ਸਹਾਰਾ ਹੈ। ਹੇ ਪਿਆਰੇ ਮਨ, ਨਾਨਕ ਤੈਨੂੰ ਸਿਖਿਆ ਦੇਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਜਗਤ-ਖਿਲਾਰੇ, ਤੋੜ ਤੱਕ ਸਾਥ ਨਿਬਾਹੁਣ ਵਾਲੇ ਨਹੀਂ ਹਨ।2।
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥
ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥
ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥
ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥
ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥3॥
ਹੇ ਪਿਆਰੇ ਮਨ, ਹੇ ਮਿਤ੍ਰ ਮਨ, ਪਰਮਾਤਮਾ ਦੇ ਨਾਮ ਦਾ ਸੌਦਾ ਕਰ, ਇਹ ਸੌਦਾ ਲਾਭ ਦੇਣ ਵਾਲਾ ਹੈ। ਹੇ ਪਿਆਰੇ ਮਨ, ਹੇ ਮਿਤ੍ਰ ਮਨ, ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ, ਇਹੀ ਦਰਵਾਜ਼ਾ ਅਟੱਲ ਹੈ। ਜੋ ਮਨੁੱਖ ਉਸ ਪ੍ਰਭੂ ਦਾ ਦਰਵਾਜ਼ਾ ਮੱਲੀ ਰੱਖਦਾ ਹੈ, ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਮਨੁੱਖ ਐਸਾ ਆਤਮਕ ਟਿਕਾਣਾ ਹਾਸਲ ਕਰ ਲੈਂਦਾ ਹੈ, ਜੋ ਕਦੇ ਡੋਲਦਾ ਨਹੀਂ। ਉਸ ਆਤਮਕ ਟਿਕਾਣੇ ਪਹੁੰਚਿਆਂ ਜਨਮ-ਮਰਨ ਦੇ ਗੇੜ ਮੁੱਕ ਜਾਂਦੇ ਹਨ, ਮਨੁੱਖ ਹਰ ਤਰ੍ਹਾਂ ਦਾ ਸਹਮ ਅਤੇ ਦੁੱਖ ਖਤਮ ਕਰ ਲੈਂਦਾ ਹੈ। ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ, ਧਰਮ-ਰਾਜ ਦੇ ਥਾਪੇ ਹੋਏ ਚਿਤ੍ਰ-ਗੁਪਤ ਦਾ ਲੇਖਾ ਪਾੜ ਲੈਂਦਾ ਹੈ, ਕੋਈ ਅਜਿਹੇ ਕੰਮ ਕਰਦਾ ਹੀ ਨਹੀਂ, ਜਿਨ੍ਹਾਂ ਨੂੰ ਚਿਤ੍ਰ-ਗੁਪਤ ਲਿਖ ਸਕਣ, ਜਮਦੂਤਾਂ ਦਾ ਉਸ ਤੇ ਕੋਈ ਜੋਰ ਨਹੀਂ ਪੈ ਸਕਦਾ।
ਇਸ ਵਾਸਤੇ ਹੇ ਪਿਆਰੇ ਮਨ, ਨਾਨਕ ਤੈਨੂੰ ਸਿਖਿਆ ਦੇਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਕਰ, ਇਹੀ ਸੌਦਾ ਨਫੇ ਵਾਲਾ ਹੈ।3।
ਚੰਦੀ ਅਮਰ ਜੀਤ ਸਿੰਘ (ਚਲਦਾ)