ਗੁਰਬਾਣੀ ਦੀ ਸਰਲ ਵਿਆਖਿਆ ਭਾਗ(240)
ਸਿਰੀਰਾਗ ਕੇ ਛੰਤ ਮਹਲਾ 5
ੴ ਸਤਿ ਨਾਮੁ ਗੁਰ ਪ੍ਰਸਾਦਿ ॥
ਡਖਣਾ ॥
ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥
ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥1॥
ਮੇਰਾ ਪਿਆਰਾ ਪ੍ਰਭੂ-ਪਤੀ ਮੇਰੇ ਹਿਰਦੇ ਵਿਚ ਵਸਦਾ ਹੈ, ਪਰ ਉਸਦਾ ਦੀਦਾਰ ਕਿਵੇਂ ਹੋਵੇ ? ਹੇ ਨਾਨਕ ਉਹ ਪ੍ਰਾਣਾਂ ਦਾ ਆਸਰਾ ਪ੍ਰਭੂ ਸੰਤ-ਜਨਾਂ ਦੇੀ ਸਰਨ ਪਿਆਂ ਹੀ ਲੱਭਦਾ ਹੈ।1।
ਛੰਤੁ ॥
ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥
ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥
ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥
ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥
ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥1॥
ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ-ਜਨਾਂ ਦੇ ਮਨ ਵਿਚ ਹੀ ਵਸਦੀ ਹੈ। ਪ੍ਰਭੂ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਣਾ, ਸੰਤ-ਜਨਾਂ ਨੂੰ ਉਲਟੀ ਰੀਤ ਜਾਪਦੀ ਹੈ, ਨੀਤੀ ਦੇ ਉਲਟ ਪ੍ਰਤੀਤ ਹੁੰਦੀ ਹੈ, ਪ੍ਰਭੂ ਦੇ ਦਾਸਾਂ ਨੂੰ ਇਹ ਪਸੰਦ ਨਹੀਂ ਆਉਂਦੀ। ਪਰਮਾਤਮਾ ਦੇ ਸਿਧਾਂਤ ਤੋਂ ਬਗੈਰ ਕੋਈ ਹੋਰ ਜੀਵਨ-ਜੁਗਤ ਪਰਮਾਤਮਾ ਦੇ ਦਾਸਾਂ ਨੂੰ ਚੰਗੀ ਨਹੀਂ ਲਗਦੀ। ਪਰਮਾਤਮਾ ਦਾ ਦਾਸ ਪਰਮਾਤਮਾ ਦੇ ਫਲਸਫੇ ਤੋਂ ਬਗੈਰ ਇਕ ਪਲ ਭਰ ਵੀ ਧੀਰਜ ਨਹੀਂ ਕਰ ਸਕਦਾ। ਦਾਸ ਦਾ ਮਨ, ਦਾਸ ਦਾ ਤਨ ਪ੍ਰਭੂ ਦੇ ਨਾਮ ਤੋਂ ਬਿਨਾ ਲਿੱਸਾ ਹੋ ਜਾਂਦਾ ਹੈ, ਨਾਮ ਤੋਂ ਬਿਨਾ ਉਸ ਨੂੰ ਆਤਮਕ ਮੌਤ ਆ ਗਈ ਜਾਪਦੀ ਹੈ, ਜਿਵੇਂ ਮੱਛੀ ਪਾਣੀ ਤੋਂ ਬਗੈਰ ਮਰ ਜਾਂਦੀ ਹੈ। ਹੇ ਮੇਰੇ ਪਿਆਰੇ ਪ੍ਰਭੂ, ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ, ਮੈਨੂੰ ਆਪਣੇ ਦਾਸ ਨੂੰ ਮਿਲ, ਤਾਂ ਜੋ ਤੇਰਾ ਦਾਸ ਸਾਧ-ਸੰਗਤ ਵਿਚ ਮਿਲ ਕੇ ਤੇਰੇ ਗੁਣ ਗਾ ਸਕੇ। ਹੇ ਨਾਨਕ, ਦੇ ਖਸਮ-ਪ੍ਰਭੂ, ਮਿਹਰ ਕਰ, ਤਾਂ ਜੋ ਤੇਰਾ ਦਾਸ ਨਾਨਕ, ਮਨ ਦੀ ਰਾਹੀਂ, ਤਨ ਦੀ ਰਾਹੀਂ, ਤੇਰੀ ਗੋਦ ਵਿਚ ਹੀ ਸਮਾਇਆ ਰਹੇ।1।
ਚੰਦੀ ਅਮਰ ਜੀਤ ਸਿੰਘ (ਚਲਦਾ)