ਗੁਰਬਾਣੀ ਦੀ ਸਰਲ ਵਿਆਖਿਆ ਭਾਗ(241)
ਡਖਣਾ ॥
ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥
ਖੁਲ੍ੜੇ ਕਪਾਟ ਨਾਨਕ ਸਤਿਗੁਰ ਭੇਟਤੇ ॥1॥
ਹੇ ਨਾਨਕ, ਗੁਰੂ ਨੂੰ ਮਿਲਿਆਂ, ਮਾਇਆ ਦੇ ਮੋਹ ਨਾਲ ਮਨੁੱਖ ਦੀ ਬੁਧੀ ਦੇ ਬੰਦ ਹੋਏ ਕਵਾੜ ਖੁੱਲ੍ਹ ਜਾਂਦੇ ਹਨ ਤੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਵਿਚ ਵੱਸ ਰਿਹਾ ਹੈ ਤੇ ਸੋਭ ਰਿਹਾ ਹੈ, ਕੋਈ ਵੀ ਜੀਵ ਐਸਾ ਨਹੀਂ ਦਿਸਦਾ ਜੋ ਪਰਮਾਤਮਾ ਤੋਂ ਵੱਖਰਾ ਕੋਈ ਹੋਰ ਹੋਵੇ।1।
ਛੰਤੁ ॥
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥
ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥2॥
ਹੇ ਸੁੰਦਰ ਪ੍ਰਭੂ, ਹੇ ਬੇ-ਅੰਤ ਪ੍ਰਭੂ, ਹੇ ਸੰਤ-ਜਨਾਂ ਦੇ ਆਸਰੇ ਪ੍ਰਭੂ, ਸੰਤ-ਜਨਾਂ ਨੇ ਸਤ-ਸੰਗ ਵਿਚ ਤੇਰੀ ਸਿਫਤ-ਸਾਲਾਹ ਦੇ ਬਚਨ ਵਿਚਾਰੇ ਹਨ, ਤੇਰੀ ਸਿਫਤ-ਸਾਲਾਹ ਦੀ ਬਾਣੀ ਵਿਚਾਰੀ ਹੈ, ਹਿਰਦੇ ਵਿਚ ਵਸਾਈ ਹੈ, ਸੁਆਸ ਸੁਆਸ ਤੇਰਾ ਨਾਮ ਸਿਮਰਿਆਂ ਉਨ੍ਹਾਂ ਨੂੰ ਪੂਰਾ ਭਰੋਸਾ ਬਣ ਜਾਂਦਾ ਹੈ ਕਿ ਪਰਮਾਤਮਾ ਦਾ ਨਾਮ ਕਦੇ ਵੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਹੇ ਗੁਣਾਂ ਦੇ ਸੋਮੇ ਪ੍ਰਭੂ, ਹੇ ਸੰਤ-ਜਨਾਂ ਦੀ ਜਿੰਦ-ਜਾਨ ਪ੍ਰਭੂ, ਸੰਤ-ਜਨਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ ਕਦੇ ਵੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਂਨੇ ਸਮੇ ਵਾਸਤੇ ਵੀ ਮਨ ਤੋਂ ਪਰੇ ਹਟਣਾ ਨਹੀਂ ਚਾਹੀਦਾ। ਉਨ੍ਹਾਂ ਨੂੰ ਇਹ ਨਿਸਚਾ ਹੋ ਜਾਂਦਾ ਹੈਕਿ ਮਾਲਕ-ਪ੍ਰਭੂ ਮਨ-ਇੱਛਤ ਫਲ ਬਖਸ਼ਦਾ ਹੈ ਤੇ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ। ਹੇ ਅਨਾਥਾਂ ਦੇ ਨਾਥ ਪ੍ਰਭੂ, ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ, ਤੇਰਾ ਨਾਮ ਜਪ ਕੇ ਮਨੁੱਖਾ ਜਨਮ, ਕਿਸੇ ਜੁਆਰੀਏ ਵਾਙ, ਜੂਏ ਦੀ ਬਾਜ਼ੀ ਵਿਚ ਵਿਅਰਥ ਨਹੀਂ ਗਵਾਇਆ ਜਾਂਦਾ। ਪਰਮਾਤਮਾ ਦੇ ਪਾਸ, ਨਾਨਕ ਦੀ ਇਹ ਬੇਨਤੀ ਹੈ, ਹੇ ਪ੍ਰਭੂ, ਕਿਰਪਾ ਕਰ, ਮੈਨੂੰ ਆਪਣਾ ਨਾਮ ਦੇਹ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ।2।
ਚੰਦੀ ਅਮਰ ਜੀਤ ਸਿੰਘ (ਚਲਦਾ)