ਗੁਰਬਾਣੀ ਦੀ ਸਰਲ ਵਿਆਖਿਆ ਭਾਗ(242)
ਡਖਣਾ ॥
ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥
ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥1॥
ਹੇ ਨਾਨਕ, ਜਿਨ੍ਹਾਂ ਵਡਭਾਗੀਆਂ ਉੱਤੇ ਖਸਮ-ਪ੍ਰਭੂ ਕਿਰਪਾਲ ਹੁੰਦਾ ਹੈ, ਉਨ੍ਹਾਂ ਨੂੰ ਗੁਰਮੁਖਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਨਾ ਨਸੀਬ ਹੁੰਦਾ ਹੈ। ਜਿਨ੍ਹਾਂ ਨੂੰ ਹਰਿ-ਨਾਮ-ਧਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਹਰਿ-ਨਾਮ ਪਦਾਰਥ ਮਿਲ ਜਾਂਦਾ ਹੈ, ਉਨ੍ਹਾਂ ਨੂੰ ਮਾਨੋ ਸਾਰੇ ਹੀ ਸੋਹਣੇ ਪਦਾਰਥ ਮਿਲ ਜਾਂਦੇ ਹਨ।1।
ਛੰਤੁ ॥
ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥
ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥
ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥
ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥
ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥
ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥3॥
ਮਾਲਕ ਪ੍ਰਭੂ ਦੇ ਸੋਹਣੇ ਚਰਨ ਭਗਤ-ਜਨਾਂ ਦੇ ਮਨ ਵਾਸਤੇ ਨਿਵਾਸ ਅਸਥਾਨ ਹੁੰਦਾ ਹੈ, ਭਗਤ-ਜਨ ਪ੍ਰਭੂ ਚਰਨਾਂ ਵਿਚ ਟਿਕੇ ਰਹਿਣ ਦੀ ਆਸ਼ਾ ਧਾਰ ਕੇ ਹੀ ਆਪਣਾ ਜੀਵਨ ਉੱਚਾ ਕਰਦੇ ਹਨ। ਪਰਮਾਤਮਾ ਦਾ ਨਾਮ ਸਿਮਰ-ਸਿਮਰ ਕੇ ਭਗਤ-ਜਨ ਆਪਣੇ ਮਨ ਦੀ ਰਾਹੀਂ, ਆਪਣੇ ਸਰੀਰ ਦੀ ਰਾਹੀਂ ਪ੍ਰਭੂ-ਨਾਮ ਵਿਚ ਮਸਤ ਰਹਿੰਦੇ ਹਨ, ਤੇ ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ। ਭਗਤ-ਜਨ ਸਦਾ ਨਾਮ-ਅੰਮ੍ਰਿਤ ਪੀਂਦੇ ਹਨ ਤੇ ਵਿਸ਼ਿਆਂ ਵਲੋਂ ਸਦਾ ਅਡੋਲ-ਚਿੱਤ ਟਿਕੇ ਰਹਿੰਦੇ ਹਨ। ਸਿਮਰਨ ਦੀ ਬਰਕਤ ਨਾਲ ਉਨ੍ਹਾਂ ਨੇ ਵਿਸ਼ਿਆਂ ਦੇ ਪਾਣੀ ਨੂੰ ਸਦਾ ਬੇ-ਸੁਆਦਾ ਜਾਣ ਲਿਆ ਹੈ। ਭਗਤ-ਜਨਾਂ ਉੱਤੇ ਗੋਪਾਲ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸਾਧ-ਸੰਗਤ ਵਿਚ ਰਹਿ ਕੇ ਉਨ੍ਹਾਂ ਦਾ ਮਨ ਪ੍ਰਭੂ ਦੇ ਨਾਮ-ਖਜ਼ਾਨੇ ਵਿਚ ਪਰਚਿਆ ਰਹਿੰਦਾ ਹੈ। ਭਗਤ-ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, ਪ੍ਰਭੂ ਦਾ ਨਾਮ ਹੀ ਉਨ੍ਹਾਂ ਵਾਸਤੇ ਸਭ ਤੋਂ ਸ੍ਰੇਸ਼ਟ ਧਨ ਹੈ, ਨਾਮ ਵਿਚੋਂ ਹੀ ਉਹ ਅਨੇਕਾਂ ਆਤਮ ਸੁਖ ਆਨੰਦ ਮਾਣਦੇ ਹਨ।
ਹੇ ਨਾਨਕ, ਭਗਤ-ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ ਨਾਮ, ਰਤਾ ਜਿੰਨਾ ਸਮਾ ਵੀ ਨਹੀਂ ਭੁੱਲਦਾ। ਪਰਮਾਤਮਾ ਦਾ ਨਾਮ ਹਰ ਵੇਲੇ ਜਪ-ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ।3।
ਚੰਦੀ ਅਮਰ ਜੀਤ ਸਿੰਘ (ਚਲਦਾ)