ਗੁਰਬਾਣੀ ਦੀ ਸਰਲ ਵਿਆਖਿਆ ਭਾਗ(243)
ਡਖਣਾ ॥
ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥
ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥1॥
ਹੇ ਨਾਨਕ, ਆਖ-ਹੇ ਪ੍ਰਭੂ, ਜਿਨ੍ਹਾਂ ਵਡਭਾਗੀਆਂ ਨੂੰ ਤੂੰ ਆਪਣੇ ਸੇਵਕ ਬਣਾ ਲੈਂਦਾ ਹੈਂ, ਉਨ੍ਹਾਂ ਨੂੰ ਤੂੰ ਮਿਲ ਪੈਂਦਾ ਹੈਂ, ਉਨ੍ਹਾਂ ਕੋਲੋਂ ਤੂੰ ਆਪਣਾ ਜੱਸ ਆਪ ਹੀ ਸੁਣਾਉਂਦਾ ਹੈਂ, ਤੇ ਸੁਣ ਕੇ ਤੂੰ ਆਪ ਹੀ ਮਸਤ ਹੁੰਦਾ ਹੈਂ।1।
ਛੰਤੁ ॥
ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ ॥
ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥
ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖ੍ਹਣ ਕਰਿ ਵਸਿ ਭਏ ॥
ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ ॥
ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ ॥
ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥4॥
ਹੇ ਭਾਈ ਭਗਤ-ਜਨਾਂ ਨੇ ਪ੍ਰੇਮ ਦੀ ਠੱਗ ਬੂਟੀ ਖਵਾ ਕੇ ਤੇ ਇਸ ਤਰ੍ਹਾਂ ਖੁਸ਼ ਕਰ ਕੇ ਪਰਮਾਤਮਾ ਦਾ ਮਨ ਮੋਹ ਲਿਆ ਹੁੰਦਾ ਹੈ। ਭਗਤ-ਜਨਾਂ ਦੀ ਹੀ ਕਿਰਪਾ ਨਾਲ ਕੋਈ ਵਡਭਾਗੀ ਮਨੁੱਖ, ਅਥਾਹ ਪ੍ਰਭੂ ਦੇ ਗੱਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ। ਜਿਹੜਾ ਮਨੁੱਖ ਹਰੀ ਦੇ ਗੱਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ, ਉਸ ਦੇ ਸਾਰੇ ਵਿਕਾਰ ਮੁੱਕ ਜਾਂਦੇ ਹਨ, ਉਸ ਦੇ ਅੰਦਰ ਭਗਤੀ ਵਾਲੇ ਲੱਛਣ ਪੈਦਾ ਹੋ ਜਾਣ ਦੇ ਕਾਰਨ, ਪ੍ਰਭੂ ਜੀ ਉਸ ਦੇ ਵੱਸ ਵਿਚ ਆ ਜਾਂਦੇ ਹਨ। ਗੋਬਿੰਦ ਦੇ ਉਸ ਉੱਤੇ ਪ੍ਰਸੰਨ ਹੋਣ ਨਾਲ ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਤੇ ਉਸ ਦੇ ਸਾਰੇ ਜਨਮ-ਮਰਨ ਦੇ ਗੇੜ ਮੁੱਕ ਜਾਂਦੇ ਹਨ। ਸਤ-ਸੰਗੀਆਂ ਨਾਲ ਮਿਲ ਕੇ ਜਿਉਂ-ਜਿਉਂ ਉਹ ਪ੍ਰਭੂ ਦੀ ਸਿਫਤ-ਸਾਲਾਹ ਦੀ ਬਾਣੀ ਗਾਂਦਾ ਹੈ, ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ, ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲਗਦੇ। ਹੇ ਨਾਨਕ, ਪਿਆਰੇ ਪ੍ਰਭੂ ਨੇ ਜਿਨ੍ਹਾਂ ਦਾ ਹੱਥ ਫੜ ਲਿਆ ਹੈ, ਉਨ੍ਹਾਂ ਉੱਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਨਹੀਂ ਪਾ ਸਕਦਾ।4।
(ਸੁਖਮਨੀ ਬਾਣੀ ਦਾ "ਸੰਤ" "ਸੰਤ-ਜਨ" "ਸਤ-ਸੰਗੀ" "ਭਗਤ-ਜਨ" "ਸਤ-ਸੰਗਤ" " ਸੰਤਨ" ਇਹ ਸਾਰੇ ਸਮਾਨ-ਅਰਥੀ ਲਫਜ਼ ਹਨ, ਜੋ ਪਰਮਾਤਮਾ ਦੇ ਲਾਡਲੇ ਮਨੁੱਖਾਂ ਲਈ ਵਰਤੇ ਜਾਂਦੇ ਹਨ, ਜੋ ਸਮੂਹ ਵਿਚ ਜੁੜ ਕੇ ਪਰਮਾਤਮਾ ਦੇ ਗੁਣਾਂ ਦਾ, ਉਸ ਦੇ ਨਾਮ ਦਾ, ਉਸ ਦੀ "ਰਹਿਮਤ", ਉਸ ਦੀ "ਬਖਸ਼ਿਸ਼", ਉਸ ਦੇ "ਕਰਮ", ਉਸ ਦੀ "ਬਜ਼ੁਰਗੀ", ਉਸ ਦੀ "ਦਇਆਲਤਾ", ਉਸ ਦੇ "ਸੁਭਾ" ਅਤੇ ਉਸ ਦੇ "ਹੁਕਮ" ਬਾਰੇ ਵਿਚਾਰ ਕਰ ਕੇ, ਉਸ ਦੇ ਹੋਰ ਨੇੜੇ ਹੋਣ ਦਾ ਉਪਰਾਲਾ ਕਰਦੇ ਹਨ)
ਚੰਦੀ ਅਮਰ ਜੀਤ ਸਿੰਘ (ਚਲਦਾ)