ਗੁਰਬਾਣੀ ਦੀ ਸਰਲ ਵਿਆਖਿਆ ਭਾਗ(244)
ਡਖਣਾ ॥
ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥
ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥1॥
ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਦੇ ਮੱਥੇ ਦੇ ਭਾਗ ਜਾਗਣ, ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ।1।
ਛੰਤੁ ॥
ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀ ਕੁਲੁ ਤਾਰਿਆ ਜੀਉ ॥
ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥
ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥
ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥
ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥
ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥5॥1॥3॥
ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਉਚਾਰਦੇ ਹਨ, ਉਹ ਸੁਅੱਛ ਜੀਵਨ ਵਾਲੇ ਬਣ ਜਾਂਦੇ ਹਨ। ਜਿਹੜੇ ਬੰਦੇ ਪ੍ਰਭੂ ਦੀ ਸਿਫਤ-ਸਾਲਾਹ ਸੁਣਦੇ ਹਨ, ਉਹ ਸਾਰੇ ਭਾਗਾਂ ਵਾਲੇ ਹੋ ਜਾਂਦੇ ਹਨ। ਜਿਹੜੇ ਮਨੁੱਖ ਪਰਮਾਤਮਾ ਦੀ ਸਿਫਤ-ਸਾਲਾਹ ਆਪਣੀ ਹੱਥੀਂ ਲਿਖਦੇ ਹਨ, ਉਹ ਆਪਣੀ ਕੁੱਲ ਨੂੰ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ।
ਕੁਲ ਬਾਰੇ, ਪਹਿਲਾਂ ਵੀ ਵਿਚਾਰਿਆ ਹੈ, ਪਰ ਸਿੱਖੀ ਵਿਚ ਕੁਲ ਬਾਰੇ ਅਜਿਹਾ ਪਰਚਾਰ ਕੀਤਾ ਗਿਆ ਹੈ, ਜਿਸ ਨਾਲ ਸਿੱਖ ਕਰਾਮਾਤਾਂ ਦੀ ਝਾਕ ਵਿਚ ਹੀ ਜਿਊਂਦੇ ਹਨ, ਇਸ ਨੂੰ ਹਰ ਵਾਰੀ ਵਿਚਾਰਨ ਨਾਲ ਹੀ ਸ਼ਾਇਦ ਸਿੱਖ ਚੰਗੀ ਤਰ੍ਹਾਂ ਸਮਝਣ ਕਿ ਰਿਸ਼ਤੇਦਾਰੀ ਅਤੇ ਕੁਲ ਵਿਚ ਕੀ ਫਰਕ ਹੈ ? ਇਸ ਲਈ ਇਹ ਹਰ ਵਾਰੀ ਹੀ ਵਿਚਾਰਿਆ ਜਾਵੇਗਾ। ਕੁਲ ਉਹ ਹੁੰਦੀ ਹੈ, ਜਿਸ ਨਾਲ ਬੰਦੇ ਦਾ ਸੰਬੰਧ ਹੋਵੇ। ਜਿਸ ਨਾਲ ਸਿਰਫ ਰਿਸ਼ਤੇਦਾਰੀ ਹੋਵੇ, ਮੇਲ-ਮੁਹੱਬਤ, ਵਿਚਾਰਾਂ ਦੀ ਸਾਂਝ ਨਾ ਹੋਵੇ, ਉਹ ਕੁਲ ਵਿਚ ਨਹੀਂ ਆਉਂਦਾ, ਬੰਦੇ ਦੇ ਚੰਗੇ ਜਾਂ ਬੁਰੇ ਹੋਣ ਦਾ ਪ੍ਰਭਾਵ ਵਿਚਾਰਾਂ ਰਾਹੀਂ ਹੀ ਪੈਂਦਾ ਹੈ, ਜਦ ਵਿਚਾਰ ਹੀ ਨਹੀਂ ਹੁੰਦੇ, ਤਾਂ ਚੰਗੇ-ਬੁਰੇ ਦਾ ਅਸਰ ਕੀ ਪੈਣਾ ? ਸਿਰੀ ਚੰਦ, ਗੁਰੂ ਨਾਨਕ ਜੀ ਦਾ ਰਿਸ਼ਤੇਦਾਰ ਸੀ, ਕੁਲ ਵਿਚੋਂ ਨਹੀਂ ਸੀ। ਭਾਈ ਲਹਿਣਾ ਜੀ ਗੁਰੂ ਨਾਨਕ ਜੀ ਦੀ ਕੁਲ ਵਿਚੋਂ ਸੀ, ਰਿਸ਼ਤੇਦਾਰ ਨਹੀਂ ਸੀ। ਬਿੰਦੀ ਸੰਤਾਨ ਰਿਸ਼ਤੇਦਾਰ ਹੁੰਦੀ ਹੈ, ਨਾਦੀ ਸੰਤਾਨ ਕੁਲ ਵਿਚੋਂ ਹੁੰਦੀ ਹੈ। ਵਿਚਾਰ-ਸਾਂਝ ਨਾਲ, ਉਸ ਵਿਚਾਰ-ਸਾਂਝ ਅਨੁਸਾਰ ਕੀਤੇ ਕੰਮ ਹੀ ਬੰਦੇ ਤੇ ਅਸਰ ਪਾਉਂਦੇ ਹਨ। ਜਿਸ ਨਾਲ ਵਿਚਾਰ-ਸਾਂਝ ਹੀ ਨਹੀਂ, ਉਸ ਦਾ ਕਿਸੇ ਦੇ ਚੰਗੇ ਵਿਚਾਰਾਂ ਆਸਰੇ ਭਲਾ ਨਹੀਂ ਹੋ ਸਕਦਾ। ਕੁਲ ਵਿਚ ਉਹੀ ਆਉਂਦੇ ਹਨ, ਜਿਨ੍ਹਾਂ ਨਾਲ ਵਿਚਾਰ-ਸਾਂਝ ਹੁੰਦੀ ਹੈ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹ ਪਰਮਾਤਮਾ ਦੇ ਨਾਮ-ਸਿਮਰਨ ਦਾ ਆਨੰਦ ਮਾਣਦੇ ਹਨ, ਉਹ ਪ੍ਰਭੂ ਦੀ ਯਾਦ ਨੂੰ ਆਪਣੇ ਮਨ ਵਿਚ ਟਿਕਾ ਲੈਂਦੇ ਹਨ। ਜਿਸ ਉੱਤੇ ਪ੍ਰਭੂ ਨੇ ਪੂਰਨ ਕਿਰਪਾ ਕੀਤੀ, ਉਸ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਇਆ ਤੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ। ਪਰਮਾਤਮਾ ਨੇ ਜਿਸ ਵਡਭਾਗੀ ਮਨੁੱਖ ਦਾ ਹੱਥ ਫੜ ਲਿਆ, ਉਸ ਨੂੰ ਉਸ ਨੇ ਆਪਣੀ ਸਿਫਤ-ਸਾਲਾਹ ਦੀ ਦਾਤ ਦਿੱਤੀ, ਉਹ ਮਨੁੱਖ ਫਿਰ ਜੂਨਾਂ ਵਿਚ ਨਹੀਂ ਪੈਂਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ। ਦਇਆ ਦੇ ਘਰ, ਕਿਰਪਾ ਦੇ ਘਰ ਗੁਰੂ ਨੂੰ ਮਿਲ ਕੇ ਤੇ ਖਸਮ-ਪ੍ਰਭੂ ਨੂੰ ਸਿਮਰ ਕੇ, ਜਿਨ੍ਹਾਂ ਨੇ ਆਪਣੇ ਅੰਦਰੋਂ ਕਾਮ-ਕ੍ਰੋਧ, ਲੋਭ ਆਦਿ ਵਿਕਾਰਾਂ ਨੂੰ ਮਾਰ ਲਿਆ ਹੈ, ਉਨ੍ਹਾਂ ਦੇ ਆਤਮਕ ਜੀਵਨ ਪ੍ਰਫੁੱਲਤ ਹੋ ਜਾਂਦੇ ਹਨ। ਖਸਮ-ਪ੍ਰਭੂ ਅਕੱਥ ਹੈ, ਉਸ ਦਾ ਰੂਪ, ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਤੋਂ ਸਦਕੇ ਜਾਂਦਾ ਹੈ, ਕੁਰਬਾਨ ਜਾਂਦਾ ਹੈ।5।1।3।
ਚੰਦੀ ਅਮਰ ਜੀਤ ਸਿੰਘ (ਚਲਦਾ)