ਗੁਰਬਾਣੀ ਦੀ ਸਰਲ ਵਿਆਖਿਆ ਭਾਗ(245)
ਸਿਰੀਰਾਗੁ ਮਹਲਾ 4 ਵਣਜਾਰਾ (81)
ੴ ਸਤਿ ਨਾਮੁ ਗੁਰ ਪ੍ਰਸਾਦਿ ॥
ਪਰਮਾਤਮਾ ਇਕ ਹੈ, ਇਹ ਸਾਰਾ ਦਿਸਦਾ ਪਸਾਰਾ, ਉਸ ਵਿਚੋਂ ਹੀ ਪੈਦਾ ਹੋਇਆ ਹੈ, ਉਸ ਦਾ ਹੀ ਰੂਪ ਹੈ, ਉਸ ਦਾ ਹੀ ਆਕਾਰ ਹੈ। ਇਹ ਸਦੀਵੀ-ਸਤਿ ਸਦਾ ਕਾਇਮ ਰਹਣ ਵਾਲਾ ਹੈ। ਇਸ ਤੋਂ ਇਲਾਵਾ ਉਸ ਦਾ ਨਾਮ, ਉਸ ਦਾ ਹੁਕਮ ਵੀ ਸਦੀਵੀ ਸੱਚ ਹੈ। ਸਤਿ ਦੋਵੀਂ ਪਾਸੀਂ ਲਗਦਾ ਹੈ।
ਨਾਨਕ ਜੀ ਕਹਿੰਦੇ ਹਨ ਕਿ ਇਹ ਸੋਝੀ ਮੈਨੂੰ, ਮੇਰੇ ਗੁਰੂ, ਸ਼ਬਦ ਗੁਰੂ ਦੀ ਕਿਰਪਾ ਸਦਕਾ ਹੋਈ ਹੈ।
ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥
ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥
ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥
ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥
ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥1॥
ਜਿਸ ਹਰੀ ਨੇ, ਜਗਤ ਵਿਚ ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਸਿਧਾਂਤ ਸ੍ਰੇਸ਼ਟ ਹੈ, ਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ, ਸਭ ਵਿਚ ਰਮਿਆ ਹੋਇਆ ਰਾਮ ਸਾਰੇ ਸਰੀਰਾਂ ਵਿਚ ਵਿਆਪਕ ਹੈ।
ਹੇ ਭਾਈ, ਉਸ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਉਸ ਤੋਂ ਬਿਨਾ ਜੀਵ ਦਾ ਹੋਰ ਕੋਈ ਆਸਰਾ ਨਹੀਂ ਹੈ।
ਜਿਹੜੇ ਬੰਦੇ, ਮਾਇਆ ਦੇ ਮੋਹ ਵਿਚ ਆਪਣਾ ਚਿੱਤ ਲਾਈ ਰੱਖਦੇ ਹਨ, ਉਹ ਮੌਤ ਆਉਣ ਤੇ ਕੀਰਨੇ ਪਾ ਪਾ ਕੇ, ਸਭ-ਕੁਝ ਏਥੇ ਹੀ ਛੱਡ ਕੇ ਜਾਂਦੇ ਹਨ।
ਹੇ ਦਾਸ ਨਾਨਕ, ਜਿਨ੍ਹਾਂ ਨੇ ਜ਼ਿੰਦਗੀ ਵਿਚ ਹਰੀ ਦਾ ਨਾਮ ਸਿਮਰਿਆ, ਅੰਤ ਵੇਲੇ, ਹਰੀ ਉਨ੍ਹਾਂ ਦਾ ਜ਼ਰੂਰ ਸਹਾਈ ਬਣਦਾ ਹੈ।1।
ਮੈ ਹਰਿ ਬਿਨੁ ਅਵਰੁ ਨ ਕੋਇ ॥
ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥1॥ ਰਹਾਉ ॥
ਹੇ ਭਾਈ, ਮੇਰਾ ਤਾਂ ਪਰਮਾਤਮਾ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ। ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ, ਗੁਰੂ ਦੀ ਸਰਨ ਪਉ, ਗੁਰੂ ਦੀ ਸਰਨ ਪਿਆਂ ਹਰੀ ਦਾ ਨਾਮ ਮਿਲਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ।1।ਰਹਉ।
ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥
ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥
ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥
ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥
ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥2॥
ਸੰਤ-ਜਨਾਂ, ਭਰਾਵਾਂ ਦੀ ਸੰਗਤ ਕਰਨ ਤੋਂ ਬਿਨਾ ਕਿਸੇ ਮਨੁੱਖ ਨੇ, ਕਦੇ ਹਰੀ ਦਾ ਨਾਮ ਪਰਾਪਤ ਨਹੀਂ ਕੀਤਾ, ਕਿਉਂਕਿ ਸੰਤ-ਜਨਾ ਦੀ ਸੰਗਤ ਤੋਂ ਬਿਨਾ ਮਨੁੱਖ, ਜਿਹੜੇ ਵੀ ਮਿਥੇ ਧਾਰਮਿਕ ਕਰਮ ਕਰਦੇ ਹਨ, ਉਹ ਹਉਮੈ ਦੇ ਅਸਰ-ਹੇਠ ਹੀ ਕਰਮ ਕਰਦੇ ਹਨ, ਇਸ ਵਾਸਤੇ ਨਿਖਸਮੇ ਹੀ ਰਹਿ ਜਾਂਦੇ ਹਨ, ਜਿਵੇਂ ਕਿਸੇ ਵੇਸਵਾ ਦਾ ਪੁੱਤ੍ਰ ਆਪਣੇ ਪਿਤਾ ਦਾ ਨਾਮ ਨਹੀਂ ਦੱਸ ਸਕਦਾ। ਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ ਹੋ ਕੇ ਜੀਵ ਉੱਤੇ ਮਿਹਰ ਕਰਦਾ ਹੈ। ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ, ਉਸ ਦਾ ਹਰੀ ਨਾਲ ਪ੍ਰੇਮ ਦਿਨ-ਰਾਤ, ਹਰ ਵੇਲੇ ਲੱਗਾ ਰਹਿੰਦਾ ਹੈ। ਦਾਸ ਨਾਨਕ ਨੇ ਤਾਂ ਗੁਰੂ ਦੀ ਸਰਨ ਪੈ ਕੇ ਹੀ ਪ੍ਰਭੂ ਨਾਲ ਸਾਂਝ ਪਾਈ ਹੈ ਤੇ ਪ੍ਰਭੂ ਦੀ ਸਿਫਤ-ਸਾਲਾਹ ਦੇ ਕਰਮ ਦੀ ਕਮਾਈ ਕੀਤੀ ਹੈ।2।
ਮਨਿ ਹਰਿ ਹਰਿ ਲਗਾ ਚਾਉ ॥
ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥1॥ ਰਹਾਉ ॥
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਸਿਮਰਨ ਦਾ ਚਾਉ ਪੈਦਾ ਹੋਇਆ, ਪੂਰੇ ਗੁਰੂ ਨੇ ਉਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਉਸ ਮਨੁੱਖ ਨੂੰ ਕਰਤਾਰ ਮਿਲ ਪਿਆ, ਪ੍ਰਭੂ ਦਾ ਨਾਮ ਮਿਲ ਪਿਆ।1।ਰਹਾਉ।
ਚੰਦੀ ਅਮਰ ਜੀਤ ਸਿੰਘ (ਚਲਦਾ)