ਗੁਰਬਾਣੀ ਦੀ ਸਰਲ ਵਿਆਖਿਆ ਭਾਗ(246)
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥
ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥
ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥
ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥
ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥3॥
ਹੇ ਭਾਈ, ਜਦੋਂ ਤੱਕ ਜੁਆਨੀ ਵਿਚ ਸਾਹ ਆ ਰਿਹਾ ਹੈ, ਤਦ ਤੱਕ ਪਰਮਾਤਮਾ ਦਾ ਨਾਮ ਸਿਮਰ, ਬੁਢਾਪੇ ਵਿਚ ਨਾਮ ਸਿਮrਨਾ ਔਖਾ ਹੋ ਜਾਵੇਗਾ। ਜੀਵਨ ਸਫਰ ਵਿਚ ਹਰਿ-ਨਾਮ, ਤੇਰੇ ਨਾਲ ਸਾਥ ਨਿਬਾਹੀ ਚਲੇਗਾ, ਅੰਤ ਸਮੇ ਤੈਨੂੰ ਔਕੜਾਂ ਤੋਂ ਬਚਾ ਲਵੇਗਾ। ਮੈਂ ਉਨ੍ਹਾਂ ਤੋਂ ਕੁਰਬਾਨ ਹਾਂ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਆਖਰ ਨੂੰ ਇਥੋਂ ਪਛਤਾਂਦੇ ਹੀ ਚਲੇ ਗਏ।
ਪਰ ਇਹ ਜੀਵ ਦੇ ਵੱਸ ਦੀ ਗੱਲ ਨਹੀਂ, ਹੇ ਦਾਸ ਨਾਨਕ, ਹਰੀ-ਪ੍ਰਭੂ ਨੇ ਆਪਣੀ ਧੁਰ-ਦਰਗਾਹ ਤੋਂ ਜਿਸ ਮਨੁੱਖ ਦੇ ਮੱਥੇ ਉੱਤੇ
ਸਿਮਰਨ ਕਰਨ ਦਾ ਲੇਖ ਲਿਖ ਦਿੱਤਾ ਹੈ, ਉਹੀ ਪ੍ਰਭੂ ਦਾ ਨਾਮ ਸਿਮਰਦਾ ਹੈ।3।
ਮਨ ਹਰਿ ਹਰਿ ਪ੍ਰੀਤਿ ਲਗਾਇ ॥
ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥1॥ ਰਹਾਉ ॥
ਹੇ ਮੇਰੇ ਮਨ, ਹਰੀ ਦਾ ਨਾਮ ਸਿਮਰਨ ਵਿਚ ਪ੍ਰੀਤ ਜੋੜ। ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।1।ਰਹਾਉ।
ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥
ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥
ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥
ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥
ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥4॥
ਪਰਮਾਤਮਾ ਆਪ ਹੀ ਆਪਣੇ-ਆਪ ਨੂੰ ਜਗਤ ਦੇ ਰੂਪ ਵਿਚ ਪ੍ਰਗਟ ਕਰਦਾ ਹੈ, ਆਪ ਹੀ ਜੀਵਾਂ ਨੂੰ ਜਿੰਦ ਸਰੀਰ ਦੇਂਦਾ ਹੈ, ਤੇ ਆਪ ਹੀ ਵਾਪਸ ਲੈ ਲੈਂਦਾ ਹੈ। ਪਰਮਾਤਮਾ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ, ਤੇ ਆਪ ਹੀ ਸਹੀ ਜੀਵਨ ਵਾਸਤੇ ਅਕਲ ਦੇਂਦਾ ਹੈ। ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਨ੍ਹਾਂ ਦੇ ਮਨ ਵਿਚ ਆਤਮਕ ਚਾਨਣ ਹੋ ਜਾਂਦਾ
ਹੈ, ਪਰ ਅਜਿਹੇ ਬੰਦੇ, ਬਹੁਤ ਵਿਰਲੇ ਹੀ ਹੁੰਦੇ ਹਨ। ਮੈਂ ਉਨ੍ਹਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ ਹੈ। ਗੁਰੂ ਦੀ ਮਿਹਰ ਨਾਲ, ਦਾਸ ਨਾਨਕ ਦੇ ਅੰਦਰ ਵੀ, ਹਿਰਦਾ ਕੌਲ-ਫੁਲ ਖਿੜ ਪਿਆ ਹੈ, ਮਨ ਵਿਚ ਪਰਮਾਤਮਾ ਆ ਵੱਸਿਆ ਹੈ।4।
ਮਨਿ ਹਰਿ ਹਰਿ ਜਪਨੁ ਕਰੇ ॥
ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥1॥ ਰਹਾਉ ॥
ਹੇ ਮੇਰੀ ਜਿੰਦੇ, ਮਨ ਵਿਚ ਹਰੀ-ਪ੍ਰਭੂ ਦਾ ਜਾਪ ਕਰ। ਦੌੜ ਕੇ ਪਰਮਾਤਮਾ ਦੀ ਸਰਨ ਜਾ ਪਉ, ਗੁਰੂ ਦੀ ਸਰਨ ਜਾ ਪਉ, ਆਪਣੇ ਸਾਰੇ ਪਾਪ ਤੇ ਦੁੱਖ ਦੂਰ ਕਰ ਲੈ।1।ਰਹਾਉ।
ਚੰਦੀ ਅਮਰ ਜੀਤ ਸਿੰਘ (ਚਲਦਾ)