ਗੁਰਬਾਣੀ ਦੀ ਸਰਲ ਵਿਆਖਿਆ ਭਾਗ(247)
ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥
ਗੁਰ ਪੂਰਾ ਸਤਿਗੁਰ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥
ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥
ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥
ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥5॥
ਹਰੇਕ ਘਟ ਵਿਚ, ਹਰੇਕ ਮਨ ਵਿਚ ਸੋਹਣਾ ਰਾਮ ਵੱਸਦਾ ਹੈ ਪਰ ਦਿਸਦਾ ਨਹੀਂ। ਉਹ ਕਿਵੇਂ ਲੱਭੇ ? ਕਿਸ ਤਰੀਕੇ ਨਾਲ
ਮਿਲੇ ? ਜੇ ਗੁਰੂ ਲੱਭ ਪਵੇ, ਪੂਰਾ ਗੁਰੂ ਲੱਭ ਪਵੇ ਤਾਂ ਪਰਮਾਤਮਾ ਆਪ ਆ ਕੇ ਮਨ ਵਿਚ, ਚਿੱਤ ਵਿਚ ਵੱਸ ਪੈਂਦਾ ਹੈ।
ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਆਸਰਾ-ਪਰਨਾ ਹੈ, ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ, ਤੇ ਅਕਲ ਮਿਲਦੀ ਹੈ। ਮੇਰੇ ਪਾਸ ਤਾਂ ਪਰਮਾਤਮਾ ਦਾ ਨਾਮ ਹੀ ਰਾਸ-ਪੂੰਜੀ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਮੇਰੇ ਵਾਸਤੇ ਉੱਚੀ ਜਾਤ ਹੈ, ਤੇ ਲੋਕ-ਪਰਲੋਕ ਦੀ ਇੱਜ਼ਤ ਹੈ।
ਹੇ ਦਾਸ ਨਾਨਕ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਪਰਮਾਤਮਾ ਦੇ ਨਾਮ ਵਿਚ ਰੰਗਿਆ ਰਹਿੰਦਾ ਹੈ, ਪ੍ਰਭੂ ਦੇ ਨਾਮ ਰੰਗ ਵਿਚ ਉਸ ਦੀ ਪ੍ਰੀਤ ਬਣੀ ਰਹਿੰਦੀ ਹੈ।5।
ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥
ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥1॥ ਰਹਾਉ ॥
ਹੇ ਭਾਈ, ਸਦਾ ਕਾਇਮ ਰਹਣ ਵਾਲੇ ਹਰਿ-ਪ੍ਰਭੂ ਨੂੰ ਸਿਮਰਦੇ ਰਹੋ। ਜਿਸ ਹਰੀ-ਪ੍ਰਭੂ ਤੋਂ ਇਹ ਸਾਰੀ ਜਗਤ ਰਚਨਾ ਹੋਈ ਹੈ, ਉਸ ਹਰੀ-ਪ੍ਰਭੂ ਨਾਲ ਡੂੰਘੀ ਸਾਂਝ ਗੁਰੂ ਦੇ ਬਚਨਾਂ ਦੀ ਰਾਹੀਂ ਹੀ ਪੈ ਸਕਦੀ ਹੈ।1।ਰਹਾਉ।
ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥
ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰ ਹਰਿ ਹਰਿ ਨਾਮੁ ਪ੍ਰਗਾਸਿ ॥
ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ ॥
ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥
ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥6॥
ਜਿਨ੍ਹਾਂ ਮਨੁੱਖਾਂ ਨੂੰ ਪਹਿਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਭਲੇ ਸੰਸਕਾਰਾਂ ਦਾ ਲਿਖਿਆ ਹੋਇਆ ਲੇਖ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਪੂਰਬਲੇ ਚੰਗੇ ਸੰਸਕਾਰ ਜਾਗ ਪੈਂਦੇ ਹਨ, ਉਹ ਮਨੁੱਖ ਗੁਰੂ ਦੇ ਕੋਲ ਆ ਕੇ ਗੁਰੂ ਦੇ ਚਰਨਾਂ ਵਿਚ ਮਿਲ ਬੈਠਦੇ ਹਨ। ਹਰਿ-ਨਾਮ ਦਾ ਵਪਾਰ ਕਰਨ ਆਏ ਹੇ ਮਿਤ੍ਰ, ਸੇਵਕ-ਭਾਵ ਵਿਚ ਰਿਹਾਂ, ਗੁਰੂ ਉਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਪ੍ਰਗਟ ਕਰ ਦੇਂਦਾ ਹੈ। ਜੀਵ-ਵਣਜਾਰਿਆਂ ਦਾ ਇਹ ਵਪਾਰ ਵਡਿਆਉਣ-ਜੋਗ ਹੈ, ਉਹ ਜੀਵ-ਵਣਜਾਰੇ ਵੀ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੌਦਾ ਲੱਦਿਆ ਹੈ, ਜਿਨ੍ਹਾਂ ਨੇ ਹਰਿ-ਨਾਮ ਦੀ ਪੂੰਜੀ ਇਕੱਠੀ ਕੀਤੀ ਹੈ।
ਗੁਰੂ ਦੇ ਸਨਮੁੱਖ ਰਹਿਣ ਵਾਲੇ ਬੰਦਿਆਂ ਦੇ ਮੂੰਹ ਪਰਮਾਤਮਾ ਦੇ ਦਰ ਤੇ ਰੌਸ਼ਨ ਰਹਿੰਦੇ ਹਨ, ਉਹ ਪਰਮਾਤਮਾ ਦੇ ਚਰਨਾਂ ਵਿਚ
ਆ ਮਿਲਦੇ ਹਨ। ਪਰ ਹੇ ਦਾਸ ਨਾਨਕ, ਗੁਰੂ ਵੀ ਉਨ੍ਹਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਉੱਤੇ ਸਾਰੇ ਗੁਣਾਂ ਦਾ ਖਜ਼ਾਨਾ ਪਰਮਾਤਮਾ ਆਪ ਪ੍ਰਸੰਨ ਹੁੰਦਾ ਹੈ।6।
ਹਰਿ ਧਿਆਵਹੁ ਸਾਸਿ ਗਿਰਾਸਿ ॥
ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥1॥ ਰਹਾਉ ॥1॥
ਹੇ ਭਾਈ, ਹਰੇਕ ਸਾਹ ਦੇ ਨਾਲ, ਹਰੇਕ ਬੁਰਕੀ ਦੇ ਨਾਲ (ਤੁਹਾਡੇ ਲਈ ਜ਼ਿੰਦਗੀ ਦਾ ਉਹੀ ਵੇਲਾ "ਅੰਮ੍ਰਿਤ-ਵੇਲਾ" ਹੈ ਜਦੋਂ ਤੁਸੀਂ ਸੰਸਾਰ ਦੇ ਇਕੋ-ਇਕ ਅੰਮ੍ਰਿਤ, ਪਰਮਾਤਮਾ ਨਾਲ ਜੁੜੇ ਹੋਵੋ) ਪਰਮਾਤਮਾ ਦਾ ਧਿਆਨ ਧਰਦੇ ਰਹੋ। ਗੁਰੂ ਦੇ ਸਨਮੁੱਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ-ਰਾਹ ਦੀ ਰਾਸ-ਪੂੰਜੀ ਬਣਾਇਆ ਹੈ, ਉਨ੍ਹਾਂ ਦੇ ਮਨ ਵਿਚ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਬਣੀ ਰਹਿੰਦੀ ਹੈ।1।ਰਹਾਉ।
ਚੰਦੀ ਅਮਰ ਜੀਤ ਸਿੰਘ (ਚਲਦਾ)