ਗੁਰਬਾਣੀ ਦੀ ਸਰਲ ਵਿਆਖਿਆ ਭਾਗ(248)
ੴ ਸਤਿ ਨਾਮੁ ਗੁਰ ਪ੍ਰਸਾਦਿ ॥
ਸਿਰੀਰਾਗ ਕੀ ਵਾਰ ਮਹਲਾ 4 ਸਲੋਕਾ ਨਾਲਿ ॥
ਸਲੋਕ ਮ: 3 ॥
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥
ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥
ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥
ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥
ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥1॥
ਸਭ ਰਾਗਾਂ ਵਿਚੋਂ ਸ੍ਰੀ ਰਾਗ ਤਦ ਹੀ ਸ੍ਰੇਸ਼ਟ ਹੈ ਜੇ ਇਸ ਦੀ ਰਾਹੀਂ ਜੀਵ, ਸਦਾ-ਥਿਰ ਨਾਮ ਵਿਚ ਪਿਆਰ, ਲਿਵ ਜੋੜੇ, ਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ ਨੂੰ ਯਾਦ ਕਰਨ ਵਾਲੀ ਬੁੱਧੀ ਅਚੱਲ ਹੋ ਜਾਏ। ਇਸ ਦਾ ਸਿੱਟਾ ਇਹ ਹੁੰਦਾ ਹੈ ਕਿ ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ, ਜੀਭ ਸੱਚੀ, ਮਨ ਸੱਚਾ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ।
ਪਰ ਹੇ ਨਾਨਕ, ਇਹ ਸੱਚਾ ਵਪਾਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਦਾ-ਥਿਰ ਪ੍ਰਭੂ ਦੇ ਰੂਪ, ਗੁਰੂ ਦੇ ਹੁਕਮ ਵਿਚ ਤੁਰੀਏ ।1।
ਮ: 3 ॥
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥
ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥
ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥2॥
ਜਦ ਤਾਂਈਂ ਮਾਲਕ ਨਾਲ ਪ੍ਰੀਤ ਉੱਤਪਨ ਨਹੀਂ ਹੁੰਦੀ, ਹੋਰ ਸਭ ਪਿਆਰ, ਮਾਇਆ ਦਾ ਪਿਆਰ ਹੈ, ਤੇ ਮਾਇਆ ਵਿਚ ਮੋਹਿਆ ਇਹ ਮਨ, ਪ੍ਰਭੂ ਨੂੰ ਵੇਖ ਅਤੇ ਸੁਣ ਨਹੀਂ ਸਕਦਾ। ਅੰਨ੍ਹਾ ਮਨ ਕਰੇ ਵੀ ਕੀ ? ਪ੍ਰਭੂ-ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤ ਪੈਦਾ ਹੀ ਨਹੀਂ ਹੋ ਸਕਦੀ। ਹੇ ਨਾਨਕ, ਮਾਇਆ ਵਿਚ ਫਸਾ ਕੇ ਜਿਸ ਪ੍ਰਭੂ ਨੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ।2।
ਪਉੜੀ ॥
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥
ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥
ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥
ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥1॥
ਹੇ ਭਾਈ ਇਕੋ ਪ੍ਰਭੂ ਸਭ ਕਰਨਹਾਰ ਤੇ ਸਭ ਦਾ ਆਸਰਾ ਹੈ, ਇਕੋ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ, ਇਸ ਕਰ ਕੇ ਉਸ ਨੂੰ ਹਿਰਦੇ ਵਿਚ ਸੰਭਾਲ। ਉਸ ਪਰਮਾਤਮਾ ਦਾ ਕੋਈ ਸ੍ਰੀਕ ਨਹੀਂ, ਤਾਂ ਤੇ ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ। ਹੇ ਜੀਵ ਉਸੇ ਹਰੀ ਦੀ ਉਸਤਤ ਕਰ, ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ। ਜਿਸ ਉੱਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ ਸੰਸਾਰ ਦੇ ਡਰ ਤੋਂ ਪਾਰ ਹੁੰਦਾ ਹੈ।1।
ਚੰਦੀ ਅਮਰ ਜੀਤ ਸਿੰਘ (ਚਲਦਾ)