ਗੁਰਬਾਣੀ ਦੀ ਸਰਲ ਵਿਆਖਿਆ ਭਾਗ(249)
ਸਲੋਕ ਮ: 1 ॥
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥1॥
ਸਾਰੀਆਂ ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਲਦਾ। ਕਈ ਜਾਗਦੇ ਜੀਵਾਂ ਨੂੰ ਵੀ ਨਹੀਂ ਲੱਭਦੀਆਂ, ਤੇ ਇਕਨਾਂ ਸੁਤਿਆਂ ਨੂੰ ਉਠਾ ਕੇ ਦਾਤਾਂ ਦੇ ਦੇਂਦਾ ਹੈ ।1।
ਮ: 1 ॥
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥2॥
ਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਕੋਲ ਸਬਰ-ਸੰਤੋਖ ਦੀ ਰਾਸ ਹੁੰਦੀ ਹੈ, ਇਸ ਕਰ ਕੇ ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ. ਪ੍ਰਭੂ ਦੇ ਫਲਸਫੇ ਨੂੰ ਸਮਝ ਲੈਂਦੇ ਹਨ। ਪਰ ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਵੀ ਨਹੀਂ
ਮਿਲਦੀ ।2।
ਪਉੜੀ ॥
ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥
ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥
ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥
ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥
ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥2॥
ਹੇ ਹਰੀ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਰਚ ਕੇ ਆਪ ਹੀ ਕੰਮਾਂ ਧੰਦਿਆਂ ਵਿਚ ਲਾ ਦਿੱਤੀ ਹੈ। ਆਪਣੀ ਇਹ ਬਜ਼ੁਰਗੀ ਵੇਖ ਕੇ ਵੀ ਤੂੰ ਖੁਸ਼ ਹੋ ਰਿਹਾ ਹੈਂ, ਤੂੰ ਸਦਾ ਕਾਇਮ ਰਹਣ ਵਾਲਾ ਮਾਲਕ ਹੈਂ, ਤੈਥੋਂ ਪਰੇ ਕੁਝ ਨਹੀਂ। ਸਭ ਥਾਈਂ ਤੂੰ ਆਪ ਹੀ ਵਿਆਪ ਰਿਹਾ ਹੈਂ। ਹੇ ਗੁਰਮੁਖੋ, ਉਸ ਪ੍ਰਭੂ ਦਾ ਸਿਮਰਨ ਕਰੋ, ਜੋ ਵਿਕਾਰਾਂ ਤੋਂ ਛੁਡਾ ਲੈਂਦਾ ਹੈ।2।
ਚੰਦੀ ਅਮਰ ਜੀਤ ਸਿੰਘ (ਚਲਦਾ)