ਗੁਰਬਾਣੀ ਦੀ ਸਰਲ ਵਿਆਖਿਆ ਭਾਗ(250)
ਸਲੋਕ ਮ: 1 ॥
ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥
ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥1॥
ਜਾਤੀ ਦਾ ਅਹੰਕਾਰ ਤੇ ਨਾਮ ਦੇ ਵਡੱਪਣ ਦਾ ਅਹੰਕਾਰ ਵਿਅਰਥ ਹਨ, ਅਸਲ ਵਿਚ ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ, ਆਤਮਾ ਸਭ ਵਿਚ ਇਕੋ ਹੀ ਹੈ। ਜਾਤੀ ਜਾਂ ਵਡਿਆਈ ਦੇ ਆਸਰੇ ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ, ਤਾਂ ਉਹ ਚੰਗਾ ਨਹੀਂ ਬਣ ਜਾਂਦਾ। ਹੇ ਨਾਨਕ, ਜੀਵ ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ, ਸੱਚੀ ਦਰਗਾਹ ਵਿਚ ਲੇਖੇ ਵੇਲੇ ਆਦਰ ਹਾਸਲ ਕਰੇ ।1।
ਮ: 2 ॥
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥2॥
ਜਿਸ ਪਿਆਰੇ ਨਾਲ ਪਿਆਰ ਹੋਵੇ, ਜਾਤੀ ਆਦਿਕ ਦਾ ਹੰਕਾਰ ਛੱਡ ਕੇ ਉਸ ਦੇ ਸਨਮੁੱਖ ਰਹਿਣਾ ਚਾਹੀਦਾ ਹੈ। ਸੰਸਾਰ ਵਿਚ ਉਸ ਤੋਂ ਬੇਮੁਖ ਹੋ ਕੇ ਜੀਊਣਾ, ਇਸ ਜੀਵਨ ਨੂੰ ਧਿੱਕਾਰ ਹੈ।2।
ਬਾਣੀ ਮਨੁੱਖਾ ਜੀਵਨ ਦੀ ਅਗਵਾਈ ਕਰਦੀ ਹੈ, ਅਰਥ ਬਣਦਾ ਹੈ, ਜਿਸ ਪਿਆਰੇ ਨਾਲ ਪਿਆਰ ਹੈ, ਉਸ ਦੇ ਅੱਗੇ ਆਪਾ-ਭਾਵਮਿਟਾ ਕੇ, ਆਪਾ ਵਾਰ ਕੇ, ਹਉਮੈ ਖਤਮ ਕਰ ਕੇ ਰਹਿਣਾ ਚਾਹੀਦਾ ਹੈ। ਉਸ ਦੇ ਸਿਧਾਂਤ ਨੂੰ ਪਿੱਠ ਦੇ ਕੇ ਜੀਉਣਾ ਬੇਕਾਰ ਹੈ। ਪਉੜੀ ॥
ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥
ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥
ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥
ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥
ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥3॥
ਹੇ ਪਰਮਾਤਮਾ, ਤੂੰ ਆਪ ਹੀ ਧਰਤੀ ਪੈਦਾ ਕੀਤੀ ਹੈ ਤੇ ਉਸ ਲਈ ਚੰਦ ਤੇ ਸੂਰਜ ਮਾਨੋ ਦੋ ਦੀਵੇ ਬਣਾਏ ਹਨ, ਜੀਵਾਂ ਦੇ ਸੱਚਾ ਸੌਦਾ ਕਰਨ ਲਈ ਚੌਦਾਂ ਲੋਕ, ਮਾਨੋ ਚੌਦਾਂ ਹੱਟੀਆਂ ਬਣਾਈਆਂ ਹਨ। ਜੋ ਜੀਵ ਗੁਰੂ ਦੇ ਸਨਮੁਖ ਹੋ ਗਏ ਹਨ, ਤੇ ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਨਾਮ-ਜਲ ਪੀਤਾ ਹੈ, ਉਨ੍ਹਾਂ ਨੂੰ ਹਰੀ ਨਫਾ ਬਖਸ਼ਦਾ ਹੈ, ਉਨ੍ਹਾਂ ਦਾ ਜਨਮ ਸਫਲਾ ਕਰਦਾ ਹੈ, ਉਨ੍ਹਾਂ ਦੇ ਜੀਵਨ ਵਿਚ ਜਮ ਦਾ ਸਮਾ ਨਹੀਂ ਆਉਂਦਾ। ਉਹ ਜਮ ਦੇ ਸਮੇ ਤੋਂ ਬਚ ਜਾਂਦੇ ਹਨ, ਉਹ ਮਰਨ ਪਿੱਛੋਂ ਫਿਰ ਨਹੀਂ ਜੰਮਦੇ, ਉਨ੍ਹਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਬਚ ਜਾਂਦਾ ਹੈ।3।
ਚੰਦੀ ਅਮਰ ਜੀਤ ਸਿੰਘ (ਚਲਦਾ)