ਗੁਰਬਾਣੀ ਦੀ ਸਰਲ ਵਿਆਖਿਆ ਭਾਗ(251)
ਸਲੋਕ ਮ: 1 ॥
ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥
ਕੁਦਰਤਿ ਹੈ ਕੀਮਤਿ ਨਹੀ ਪਾਇ ॥ ਜਾ ਕੀਮਤਿ ਪਾਇ ਤ ਕਹੀ ਨ ਜਾਇ ॥
ਸਰੈ ਸਰੀਅਤਿ ਕਰਹਿ ਬੀਚਾਰੁ ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥1॥
ਸ੍ਰਿਸ਼ਟੀ ਪੈਦਾ ਕਰਨ ਵਾਲਾ ਪ੍ਰਭੂ, ਆਪ ਹੀ ਇਸ ਵਿਚ ਵੱਸ ਰਿਹਾ ਹੈ। ਇਥੇ ਜੋ ਮਨੁੱਖ, ਮਨੁੱਖਾ ਜਨਮ ਦੇ ਸਮੇ ਨੂੰ ਵਿਚਾਰਦਾ ਹੈ, ਉਹ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ ? ਉਹ ਉਸ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ। ਪ੍ਰਭੂ ਆਪਣੀ ਰਚੀ ਕੁਦਰਤ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ, ਜੇ ਕੋਈ ਮੁੱਲ ਪਾਣ ਦਾ ਜਤਨ ਵੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
ਜੋ ਮਨੁੱਖ ਨਿਰੀ ਸ਼ਰ੍ਹਾ ਆਦਿ, ਭਾਵ ਬਾਹਰਲੀਆਂ ਧਾਰਮਿਕ ਰਸਮਾਂ ਦੀ ਹੀ ਵਿਚਾਰ ਕਰਦੇ ਹਨ, ਉਹ ਜੀਵਨ ਦੇ ਸਹੀ ਮਨੋਰਥ ਨੂੰ ਸਮਝਣ ਤੋਂ ਬਿਨਾ ਜੀਵਨ ਦਾ ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ ? ਹੇ ਭਾਈ, ਰੱਬ ਤੇ ਭਰੋਸਾ ਰੱਖ, ਇਹ ਹੈ ਉਸ ਦੇ ਅਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਪਰਮਾਤਮਾ ਵਿਚ ਜੋੜਨਾ, ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ। ਫਿਰ ਜਿਸ ਪਾਸੇ ਦੇਖੀਏ, ਉਸ ਪਾਸੇ ਪਰਮਾਤਮਾ ਹਾਜ਼ਰ ਦਿਸਦਾ ਹੈ ।1।
ਮ: 3 ॥
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥
ਨਾਨਕ ਸਤਿਗੁਰ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥2॥
ਸਰੀਰ ਦੀ ਰਾਹੀਂ ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ, ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ। ਹੇ ਨਾਨਕ, ਸੱਚਾ ਗੁਰੂ ਤਦ ਹੀ ਮਿਲਦਾ ਹੈ ਜਦੋਂ ਸਿੱਖ ਦਾ ਮਨ ਗੁਰੂ ਦੀ ਹਜ਼ੂਰੀ ਵਿਚ ਰਹਿੰਦਾ ਹੈ, ਸਾਰਾ ਖੇਲ ਮਨ ਤੇ ਹੀ ਟਿਕਿਆ ਹੋਇਆ ਹੈ।2। ਪਉੜੀ ॥
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥
ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥
ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥ 4॥
ਸੱਤ ਦੀਪ, ਸੱਤ ਸਮੁੰਦਰ, ਨੌਂ ਖੰਡ, ਚਾਰ ਵੇਦ, ਅਠਾਰਾਂ ਪੁਰਾਣ, ਇਨ੍ਹਾਂ ਸਭਨਾ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ
ਪਿਆਰਾ ਲਗਦਾ ਹੈਂ। ਹੇ ਪ੍ਰਭੂ, ਸਾਰੇ ਜੀਆ-ਜੰਤ ਤੇਰਾ ਹੀ ਸਿਮਰਨ ਕਰਦੇ ਹਨ, ਜਿਸ ਦੇ ਹੱਥ ਵਿਚ ਸ੍ਰਿਸ਼ਟੀ ਹੈ। ਮੈਂ ਸਦਕੇ ਹਾਂ
ਉਨ੍ਹਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ, ਭਾਵੇਂ ਤੂੰ ਅਸਚਰਜ ਲੀਲਾ ਕਰ ਕੇ ਆਪ ਹੀ ਆਪ ਸਭਨਾਂ ਵਿਚ ਵਿਆਪਕ ਹੈਂ।4।
ਚੰਦੀ ਅਮਰ ਜੀਤ ਸਿੰਘ (ਚਲਦਾ)