ਗੁਰਬਾਣੀ ਦੀ ਸਰਲ ਵਿਆਖਿਆ ਭਾਗ(252)
ਸਲੋਕ ਮ: 3 ॥
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥
ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥
ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥
ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥1॥
ਕਲਮ-ਦਵਾਤ ਮੰਗਾਣ ਦਾ ਕੀ ਲਾਭ ? ਹੇ ਸੱਜਣਾ, ਹਿਰਦੇ ਵਿਚ ਹੀ ਹਰੀ ਦਾ ਨਾਮ ਲਿਖ ਲੈ। ਇਸ ਤਰ੍ਹਾਂ ਜੇ ਮਨੁੱਖ ਸਦਾ ਸਾਈਂ ਦੇ ਪਿਆਰ ਵਿਚ ਭਿੱਜਾ ਰਹੇ ਤਾਂ ਇਹ ਪਿਆਰ ਕਦੇ ਨਹੀਂ ਟੁੱਟੇਗਾ, ਨਹੀਂ ਤਾਂ ਕਲਮ-ਦਵਾਤ ਤਾਂ ਨਾਸ ਹੋ ਜਾਣ ਵਾਲੀ ਸ਼ੈ ਹੈ ਤੇ ਇਸ ਦਾ ਲਿਖਿਆ ਕਾਗਜ਼ ਵੀ ਨਾਸ ਹੋ ਜਾਣਾ ਹੈ। ਪਰ ਹੇ ਨਾਨਕ, ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ ਜੀਵ ਦੇ ਹਿਰਦੇ ਵਿਚ ਬੀਜ ਦਿੱਤਾ ਹੈ, ਉਹ ਕਦੀ ਖਤਮ ਨਹੀਂ ਹੋਵੇਗਾ।1।
ਮ: 3 ॥
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥
ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥
ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥2॥
ਬੇਸ਼ਕ ਨਿਰਣਾ ਕਰ ਕੇ ਵੇਖ ਲਵੋ, ਜੋ ਕੁਝ ਇਨ੍ਹਾਂ ਅੱਖਾਂ ਨਾਲ ਦਿਸਦਾ ਹੈ, ਉਹ ਜੀਵ ਦੇ ਨਾਲ ਨਹੀਂ ਜਾ ਸਕਦਾ ਏਸੇ ਕਰ ਕੇ ਸੱਚੇ ਗੁਰੂ ਨੇ ਨਿਸਚਾ ਕਰਵਾਇਆ ਹੈ ਕਿ ਸੱਚਾ ਪ੍ਰਭੂ ਨਾਲ ਨਿਭਣ-ਜੋਗ ਹੇ, ਤਾਂ ਤੇ ਪ੍ਰਭੂ ਵਿਚ ਬਿਰਤੀ ਜੋੜੀ ਰੱਖੋ। ਹੇ ਨਾਨਕ,ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ, ਹਿਰਦੇ ਵਿਚ ਆ ਵਸਦਾ ਹੈ।2।
ਪਉੜੀ ॥
ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥
ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥
ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥
ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥
ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥5॥
ਹੇ ਹਰੀ ਤੂੰ ਸਭ ਥਾਂ ਅੰਦਰ-ਬਾਹਰ ਵਿਆਪਕ ਹੈਂ, ਇਸ ਕਰ ਕੇ ਜੀਵਾਂ ਦੇ ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ। ਹੇ ਮੇਰੇ ਮਨ, ਜੋ ਕੁਝ ਕਰੀਦਾ ਹੈ, ਸਭ ਥਾਈਂ ਵਿਆਪਕ ਹੋਣ ਕਰ ਕੇ, ਉਹ ਹਰੀ ਜਾਣਦਾ ਹੈ, ਤਾਂ ਤੇ ਉਸ ਦਾ ਸਿਮਰਨ ਕਰ। ਪਾਪ ਕਰਨ ਵਾਲੇ ਨੂੰ ਰੱਬ ਤੋਂ ਡਰ ਲਗਦਾ ਹੈ, ਤੇ ਧਰਮੀ ਰੱਬ ਦੇ ਗੁਣ ਜਾਣ ਕੇ ਖਿੜਦਾ ਹੈ। ਹੇ ਹਰੀ ਡਰੀਏ ਵੀ ਕਿਉਂ ? ਜਦੋਂ ਜਿਹਾ ਤੂੰ ਆਪ ਸੱਚਾ ਹੈਂ, ਤਿਹਾ ਤੇਰਾ ਨਿਆਉ, ਇਨਸਾਫ ਵੀ ਸੱਚਾ ਹੈ। ਡਰਨਾ ਤਾਂ ਕਿਤੇ ਰਿਹਾ, ਹੇ ਨਾਨਕ, ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿਚ ਹੀ ਰਲ ਜਾਂਦੇ ਹਨ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ।5।
ਚੰਦੀ ਅਮਰ ਜੀਤ ਸਿੰਘ (ਚਲਦਾ)