ਗੁਰਬਾਣੀ ਦੀ ਸਰਲ ਵਿਆਖਿਆ ਭਾਗ(253)
ਸਲੋਕ ਮ: 3 ॥
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥
ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥1॥
ਸੜ ਜਾਏ ਉਹ ਕਲਮ, ਸਮੇਤ ਦਵਾਤ ਦੇ, ਤੇ ਉਹ ਕਾਗਜ਼ ਵੀ ਸੜ ਜਾਏ, ਲਿਖਣ ਵਾਲਾ ਵੀ ਸੜ ਮਰੇ, ਜਿਸ ਨੇ ਨਿਰਾ ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ, ਕਿਉਂਕਿ ਹੇ ਨਾਨਕ, ਜੀਵ ਉਹੀ ਕੁਝ ਕਮਾਂਦਾ ਹੈ, ਜੋ ਸੰਸਾਰ ਆਪਣੇ ਚੰਗੇ-ਮੰਦੇ ਕੀਤੇ ਕੰਮਾਂ ਅਨੁਸਾਰ ਪਹਿਲਾਂ ਤੋਂ ਆਪਣੇ ਹਿਰਦੇ ਉੱਤੇ ਲਿਖੀ ਜਾਂਦਾ ਹੈ, ਜੀਵ ਇਸ ਤੋਂ ਉਲਟ ਕੁਝ ਨਹੀਂ ਕਰ ਸਕਦਾ।1।
ਮ:3 ॥
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥
ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥2॥
ਹੋਰ ਮਾਇਆ ਸੰਬੰਧੀ ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ ਵੀ ਵਿਅਰਥ ਹੈ, ਕਿਉਂਕਿ ਇਹ ਉੱਦਮ, ਮਾਇਆ ਨਾਲ ਪਿਆਰ ਵਧਾਉਂਦੇ ਹਨ। ਹੇ ਨਾਨਕ, ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਸਦਾ ਨਹੀਂ ਰਹਿਣਾ, ਸਦਾ ਨਾਲ ਨਹੀਂ ਨਿਭਣਾ, ਇਸ ਵਾਸਤੇ, ਜੇ ਕੋਈ ਹੋਰ ਪੜ੍ਹੌਤਾਂ ਹੀ ਪੜ੍ਹਦਾ ਹੈ, ਖੁਆਰ ਹੁੰਦਾ ਹੈ।2।
ਪਉੜੀ ॥
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥6॥
ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸ ਦੀ ਸਿਫਤ-ਸਾਲਾਹ ਤੇ ਉਸ ਦਾ ਕੀਰਤਨ ਕਰਨਾ, ਇਹੋ ਜੀਵ ਲਈ ਵੱਡੀ ਕਰਣੀ ਹੈ। ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ, ਕਿਉਂਕਿ ਜੀਵ ਲਈ ਅਸਲੀ ਫਲ ਇਹੀ ਹੈ, ਜਨਮ ਮਨੋਰਥ ਹੀ ਇਹ ਹੈ। ਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫਤ ਕਰਨੀ ਹੀ ਸਭ ਤੋਂ ਵੱਡਾ ਕੰਮ ਹੈ। ਜੋ ਪ੍ਰਭੂ ਕਿਸੇ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ, ਉਸ ਦੀ ਵਡਿਆਈ ਉੱਤਮ ਕੰਮ ਹੈ।6।
ਚੰਦੀ ਅਮਰ ਜੀਤ ਸਿੰਘ (ਚਲਦਾ)