ਗੁਰਬਾਣੀ ਦੀ ਸਰਲ ਵਿਆਖਿਆ ਭਾਗ(254)
ਸਲੋਕ ਮ: 3 ॥
ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥
ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥
ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥1॥
ਧਨ ਕਿਸੇ ਦੇ ਨਾਲ ਨਹੀਂ ਨਿਭਦਾ, ਪ੍ਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ। ਮਾਇਆ ਦੇ ਪਿਆਰ ਵਿਚ ਸਭ ਨੇ ਦੁੱਖ ਹੀ ਪਾਇਆ ਹੈ, ਕਿਉਂਕਿ ਜਮਕਾਲ ਨੇ ਇਹੋ ਜਿਹੇ ਸਭ ਨੂੰ ਘੂਰਿਆ ਹੈ, ਮਾਇਆ ਦੇ ਮੋਹ ਵਿਚ ਫਸੇ ਜੀਵ ਮੌਤ ਤੋਂ ਥਰ ਥਰ ਕੰਬਦੇ ਹਨ, ਮਾਨੋ ਉਨ੍ਹਾਂ ਨੂੰ ਜਮਕਾਲ ਘੂਰ ਰਿਹਾ ਹੈ।
ਹੇ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ ਕੇ ਆਤਮਕ ਮੌਤ ਤੋਂ ਬਚੇ ਰਹਿੰਦੇ ਹਨ।1।
ਮ: 1 ॥
ਗNlI ਅਸੀ ਚੰਗੀਆ ਆਚਾਰੀ ਬੁਰੀਆਹ ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥2॥
ਅਸੀਂ ਗੱਲਾਂ ਵਿਚ ਸੁਚੱਜੀਆਂ ਹਾਂ, ਪਰ ਆਚਰਨ ਦੀਆਂ ਮਾੜੀਆਂ ਹਾਂ, ਮਨੋਂ ਖੋਟੀਆਂ ਤੇ ਕਾਲੀਆਂ ਹਾਂ, ਪਰ ਬਾਹਰੋਂ ਸੁਚੱਜੀਆਂ ਹਾਂ। ਫਿਰ ਵੀ ਅਸੀਂ ਰੀਸਾਂ ਉਨ੍ਹਾਂ ਦੀਆਂ ਕਰਦੀਆਂ ਹਾਂ, ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂਹਨ ਤੇ ਆਨੰਦ ਨਾਲ ਰਲੀਆਂ ਮਾਣਦੀਆਂ ਹਨ, ਜੋ ਤਾਣ ਹੁੰਦਿਆਂ ਵੀ ਨਿਮਾਣੀਆਂ ਰਹਿੰਦੀਆਂ ਹਨ।
ਹੇ ਨਾਨਕ, ਸਾਡਾ ਜਨਮ ਤਾਂ ਹੀ ਸਫਲ ਹੋ ਸਕਦਾ ਹੈ, ਜੇ ਉਨ੍ਹਾਂ ਦੀ ਸੰਗਤ ਵਿਚ ਰਹੀਏ।2।
ਪਉੜੀ ॥
ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥
ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥
ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥
ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥
ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥7॥
ਹੇ ਪ੍ਰਭੂ ਤੂੰ ਆਪ ਹੀ ਮੱਛੀ ਦਾ ਜੀਵਨ ਰੂਪ ਜਲ ਹੈਂ, ਆਪ ਹੀ ਜਲ ਵਿਚ ਮੱਛੀ ਹੈਂ, ਤੇ ਆਪ ਹੀ ਜਾਲ ਹੈਂ। ਤੂੰ ਆਪ ਹੀ ਜਾਲ ਵਿਛਾਂਦਾ ਹੈਂ ਤੇ ਆਪ ਹੀ ਜਲ ਵਿਚ ਜਾਲਾ ਹੈਂ, ਤੂੰ ਆਪ ਹੀ ਡੂੰਘੇ ਜਲ ਵਿਚ ਸੁੰਦਰ ਨਿਰਲੇਪ ਕੰਵਲ ਹੈਂ। ਹੇ ਹਰੀ, ਜੋ ਜੀਵਇਕ ਪਲਕ ਮਾਤ੍ਰ ਤੇਰਾ ਧਿਆਨ ਧਰੇ, ਉਸ ਨੂੰ ਤੂੰ ਆਪ ਹੀ ਇਸ ਦੁਨਿਆਵੀ ਜਾਲ ਵਿਚੋਂ ਛੁਡਾਉਂਦਾ ਹੈਂ। ਹੇ ਹਰੀ, ਤੈਥੋਂ ਪਰੇ ਹੋਰ ਕੁਝ ਨਹੀਂ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਤੈਨੂੰ ਹਰ ਥਾਂ ਵੇਖ ਕੇ ਕਉਲ ਫੁਲ ਵਾਙ ਚੜ੍ਹਦੀ ਕਲਾ ਵਿਚ ਰਹਿ ਸਕੀਦਾ ਹੈ।7।
ਚੰਦੀ ਅਮਰ ਜੀਤ ਸਿੰਘ (ਚਲਦਾ)