ਗੁਰਬਾਣੀ ਦੀ ਸਰਲ ਵਿਆਖਿਆ ਭਾਗ(255)
ਸਲੋਕ ਮ: 3 ॥
ਹੁਕਮੁ ਨ ਜਾਣੈ ਬਹੁਤਾ ਰੋਵੈ ॥ ਅੰਦਰਿ ਧੋਖਾ ਨੀਦ ਨ ਸੋਵੈ ॥
ਜੇ ਧਨ ਖਸਮੈ ਚਲੈ ਰਜਾਈ ॥ ਦਰਿ ਘਰਿ ਸੋਭਾ ਮਹਲਿ ਬੁਲਾਈ ॥
ਨਾਨਕ ਕਰਮੀ ਇਹ ਮਤਿ ਪਾਈ ॥ ਗੁਰ ਪਰਸਾਦੀ ਸਚਿ ਸਮਾਈ ॥1॥
ਜਿਸ ਮਨੁੱਖ ਨੂੰ ਪ੍ਰਭੂ ਦੇ ਭਾਣੇ ਦੀ ਸਮਝ ਨਹੀਂ ਪੈਂਦੀ, ਉਸ ਨੂੰ ਬਹੁਤ ਕਲਪਣਾ ਲੱਗੀ ਰਹਿੰਦੀ ਹੈ, ਉਸ ਦੇ ਮਨ ਵਿਚ ਚਿੰਤਾ ਹੁੰਦੀ ਹੈ, ਇਸ ਕਰ ਕੇ ਸੁਖ ਦੀ ਨੀਂਦ ਸੌਂ ਨਹੀਂ ਸਕਦਾ, ਕਦੀ ਸ਼ਾਨਤੀ ਨਹੀਂ ਹੁੰਦੀ। ਜੇ ਜੀਵ-ਇਸਤ੍ਰੀ ਪ੍ਰਭੂ ਖਸਮ ਦੇ ਭਾਣੇ ਵਿਚ ਤੁਰੇ ਤਾਂ ਦਰਗਾਹ ਵਿਚ ਤੇ ਇਸ ਸੰਸਾਰ ਵਿਚ ਉਸ ਦੀ ਸੋਭਾ ਹੁੰਦੀ ਹੈ ਅਤੇ ਪ੍ਰਭੂ ਦੀ ਹਜ਼ੂਰੀ ਵਿਚ ਉਸ ਨੂੰ ਆਦਰ ਮਿਲਦਾ ਹੈ।
ਪਰ ਹੇ ਨਾਨਕ, ਪ੍ਰਭੂ ਮਿਹਰ ਕਰੇ ਤਾਂ ਭਾਣਾ ਮੰਨਣ ਵਾਲੀ ਜੀਵ-ਇਸਤ੍ਰੀ ਨੂੰ ਇਹ ਸਮਝ ਮਿਲਦੀ ਹੈ, ਤੇ ਗੁਰੂ ਦੀ ਕਿਰਪਾ ਰਾਹੀਂ ਭਾਣੇ ਦੇ ਮਾਲਕ ਸਦਾ-ਥਿਰ ਸਾਂਈ ਨਾਲ ਇਕ-ਮਿਕ ਹੋ ਜਾਂਦੀ ਹੈ।1।
ਮ: 3 ॥
ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥
ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥
ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥
ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥
ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥
ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥2॥
ਹੇ ਨਾਮ ਤੋਂ ਸੱਖਣੇ ਮਨੁੱਖ, ਕਸੁੰਭੇ ਦਾ, ਮਾਇਆ ਦਾ ਰੰਗ ਵੇਖ ਕੇ ਮੋਹਤ ਨਾ ਹੋ ਜਾ, ਇਸ ਦਾ ਰੰਗ, ਆਨੰਦ ਥੋੜੇ ਦਿਨ ਹੀ ਰਹਿੰਦਾ ਹੈ, ਤੇ ਇਸ ਦਾ ਮੁੱਲ ਵੀ ਤੁੱਛ ਜਿਹਾ ਹੀ ਹੁੰਦਾ ਹੈ। ਜਿਵੇਂ ਵਿਸ਼ਟਾ ਵਿਚ ਪਏ ਹੋਏ ਕੀੜੇ ਵਿਲੂੰ ਵਿਲੂੰ ਕਰਦੇ ਹਨ ਤਿਵੇਂ ਮੂਰਖ, ਅਕਲੋਂ ਅੰਨ੍ਹੇ ਤੇ ਮੱਤ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ-ਮੁੜ ਦੁਖੀ ਹੁੰਦੇ ਹਨ। ਹੇ ਨਾਨਕ, ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿਚ ਆਪਣੀ ਮੱਤ ਤੇ ਸੁਭਾਉ ਲੀਨ ਕਰ ਦੇਂਦੇ ਹਨ, ਉਹ ਨਾਮ ਵਿਚ ਭਿੱਜੇ ਹੋਏ ਤੇ ਸੁੰਦਰ ਹਨ, ਸਹਜ ਅਵਸਥਾ ਵਿਚ ਲੀਨ ਰਹਿਣ ਕਰ ਕੇ ਉਨ੍ਹਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ।2।
ਪਉੜੀ ॥
ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥
ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥
ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥
ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥8॥
ਹੇ ਹਰੀ ਤੂੰ ਆਪ ਹੀ ਸਾਰਾ ਸੰਸਾਰ ਪੈਦਾ ਕੀਤਾ ਹੈ, ਅਤੇ ਸਭ ਨੂੰ ਰਿਜ਼ਕ ਅਪੜਾ ਰਿਹਾ ਹੈਂ। ਫਿਰ ਵੀ ਕਈ ਜੀਵ ਤੈਨੂੰ ਰਾਜ਼ਕ ਨਾ ਸਮਝਦੇ ਹੋਏ ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ। ਹੇ ਹਰੀ, ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਨ੍ਹਾਂ ਨੂੰ ਉਹੋ ਜਿਹੇ ਕੰਮ, ਵਲ-ਛਲ ਵਿਚ ਹੀ ਲਾ ਰੱਖਿਆ ਹੈ। ਜਿਨ੍ਹਾਂ ਨੂੰ ਹਰੀ ਨੇ, ਆਪਣੇ ਸੱਚੇ ਨਾਮ ਦੀ ਸੋਝੀ ਬਖਸ਼ੀ ਹੈ, ਉਨ੍ਹਾਂ ਨੂੰ ਸੰਤੋਖ ਦੇ ਇਤਨੇ ਖਜ਼ਾਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ। ਅਸਲੀ ਗੱਲ ਇਹ ਹੈ ਕਿ ਜੋ ਜੀਵ, ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਨ੍ਹਾਂ ਨੂੰ ਮਾਇਆ ਫਲਦੀ ਹੈ, ਉਹ ਤ੍ਰਿਸ਼ਨਾ ਵਿਚ ਨਹੀਂ ਫਸਦੇ, ਤੇ ਰੱਬ ਦੀ ਯਾਦ ਤੋਂ ਸੱਖਣੇ ਜੀਵਾਂ ਦੇ ਹੱਥ ਸਦਾ ਅੱਡੇ ਰਹਿੰਦੇ ਹਨ, ਉਨ੍ਹਾਂ ਦੀ ਤ੍ਰਿਸਨਾ ਨਹੀਂ ਮਿਟਦੀ।8।
ਚੰਦੀ ਅਮਰ ਜੀਤ ਸਿੰਘ (ਚਲਦਾ)