ਗੁਰਬਾਣੀ ਦੀ ਸਰਲ ਵਿਆਖਿਆ ਭਾਗ(256)
ਸਲੋਕ ਮ: 3 ॥
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥
ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥
ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥
ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥
ਪੂਰੈ ਭਾਗਿ ਸਤਿਗੁਰ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥
ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥
ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥1॥
ਜੀਭ ਨਾਲ ਪੜ੍ਹ ਪੜ੍ਹ ਕੇ, ਪਰ ਮਾਇਆ ਦੇ ਮੋਹ ਦੇ ਸਵਾਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ। ਵੇਦ ਪਾਠੀ ਹੁੰਦਿਆਂ ਵੀ ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ, ਕਿਉਂਕਿ ਜਿਸ ਹਰੀ ਨੇ ਜਿੰਦ ਤੇ ਸਰੀਰ, ਭਾਵ ਮਨੁੱਖਾ ਜਨਮ ਬਖਸ਼ਿਆ ਹੈ, ਤੇ ਜੋ ਰਿਜ਼ਕ ਪੁਚਾਉਂਦਾ ਹੈ, ਉਸ ਨੂੰ ਉਹ ਕਦੇ ਯਾਦ ਵੀ ਨਹੀਂ ਕਰਦਾ, ਜਮ ਦੀ ਫਾਹੀ, ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਉਹ ਮੁੜ ਮੁੜ ਜੰਮਦਾ ਮਰਦਾ ਹੈ। ਅੰਨ੍ਹੇ ਮਨੁੱਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ ਲਿਖਦਾ ਰਿਹਾ ਹੈ, ਉਨ੍ਹਾਂ ਦੇ
ਅਨੁਸਾਰ ਹੀ ਹੁਣ ਵੀ ਵੈਸੇ ਕੰਮ ਕਰੀ ਜਾਂਦਾ ਹੈ। ਜਿਸ ਮਨੁੱਖ ਨੂੰ ਪੂਰੇ ਭਾਗਾਂ ਨਾਲ ਸੁਖ-ਦਾਤਾ ਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ, ਆਤਮਕ ਆਨੰਦ ਮਾਣਦੇ ਹਨ, ਦੁਨੀਆ ਦਾ ਖਾਣ ਹੰਢਾਣ, ਉਨ੍ਹਾਂ ਵਾਸਤੇ ਆਤਮਕ ਆਨੰਦ ਹੀ ਹੈ, ਤੇ ਉਨ੍ਹਾਂ ਦੀ ਉਮਰ ਨਰੋਲ ਸੁਖ ਵਿਚ ਹੀ ਬੀਤਦੀ ਹੈ। ਹੇ ਨਾਨਕ, ਇਹੋ ਜਿਹਾ ਸੁਖਦਾਈ ਨਾਮ, ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ।1।
ਮ: 3 ॥
ਸਤਿਗੁਰ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥
ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥
ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥
ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥
ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥
ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥
ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥2॥
ਜਿਸ ਨੇ ਗੁਰੂ ਦੀ ਦੱਸੀ ਸੇਵਾ ਕੀਤੀ ਹੈ, ਉਸ ਨੂੰ ਗੁਣਾਂ ਦਾ ਖਜ਼ਾਨਾ, ਨਾਮ ਰੂਪੀ ਸੱਚਾ ਸੁਖ ਪ੍ਰਾਪਤ ਹੁੰਦਾ ਹੈ। ਗੁਰੂ ਦੀ ਮੱਤ ਲੈ ਕੇ ਉਹ ਆਪੇ ਦੀ ਪਛਾਣ ਕਰਦਾ ਹੈ, ਤੇ ਹਰੀ ਦੇ ਨਾਮ ਦਾ ਉਸ ਦੇ ਅੰਦਰ ਚਾਨਣ ਹੁੰਦਾ ਹੈ। ਉਹ ਨਿਰੋਲ ਸਦਾ-ਥਿਰ ਨਾਮ-ਸਿਮਰਨ ਦੀ ਕਮਾਈ ਕਰਦਾ ਹੈ, ਇਸ ਕਰ ਕੇ ਪ੍ਰਭੂ ਦੀ ਦਰਗਾਹ ਵਿਚ ਉਸ ਨੂੰ ਆਦਰ ਮਿਲਦਾ ਹੈ। ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ ਜਾਣ ਕੇ ਉਹ ਪ੍ਰਭੂ ਅੱਗੇ ਬੇਨਤੀ ਅਤੇ ਸਿਫਤ-ਸਾਲਾਹ ਕਰਦਾ ਹੈ। ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਦੀ ਸਿਫਤ ਕਰਦਾ ਹੈ, ਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ। ਪ੍ਰਭੂ ਦੀ ਸਿਫਤ-ਸਾਲਾਹ ਮਨ ਵਿਚ ਵਸਾਣੀ, ਇਹੀ ਉਸ ਲਈ ਜਪ, ਤਪ, ਤੇ ਸੰਜਮ ਹੈ, ਤੇ ਨਾਮ ਤੋਂ ਸੱਖਣਾ ਜੀਵਨ ਉਸ ਨੂੰ ਫਿਟਕਾਰ-ਜੋਗ ਪ੍ਰਤੀਤ ਹੁੰਦਾ ਹੈ। ਇਹੀ ਨਾਮ ਗੁਰੂ ਦੀ ਮੱਤ ਤੇ ਚੱਲਿਆਂ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿਚ ਫਸ ਕੇ ਨਸ਼ਟ ਹੁੰਦਾ ਹੈ, ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ। ਹੇ ਪ੍ਰਭੂ, ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਮਦਦ ਕਰ ਤੇ ਨਾਮ ਦੀ ਦਾਤ ਦੇਹ, ਨਾਨਕ ਤੇਰਾ ਸੇਵਕ ਹੈ।2।
ਪਉੜੀ ॥
ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥
ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥
ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥
ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥
ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥9॥
ਹੇ ਹਰੀ, ਹਰੇਕ ਜੀਵ ਤੇਰਾ ਬਣਾਇਆ ਹੋਇਆ ਹੈ, ਤੂੰ ਸਭ ਦਾ ਮਾਲਕ ਹੈਂ ਅਤੇ ਸਭ ਦਾ ਖਜ਼ਾਨਾ ਹੈਂ, ਰਾਜ਼ਕ ਹੈਂ, ਇਸ ਕਰ ਕੇ ਸਦਾ ਜੋਦੜੀਆਂ ਕਰ ਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ। ਜਿਸ ਨੂੰ ਤੂੰ ਦਾਤ ਦੇਂਦਾ ਹੈਂ, ਉਸ ਨੂੰ ਸਭ-ਕੁਝ ਮਿਲ ਜਾਂਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ। ਪਰ ਜੋ ਹੋਰ ਦਰ ਲੱਭਦੇ ਹਨ, ਉਨ੍ਹਾਂ ਦੇ ਤੂੰ ਨਿਕਟ-ਵਰਤੀ ਹੁੰਦਾ ਹੋਇਆ ਵੀ, ਉਨ੍ਹਾਂ ਨੂੰ ਤੂੰ ਦੂਰ ਪ੍ਰਤੀਤ ਹੋ ਰਿਹਾ ਹੈਂ। ਕੋਈ ਧਿਰ ਵੀ ਮਨ ਵਿਚ ਨਿਸਚਾ ਕਰ ਕੇ vyਖ ਲਵੇ, ਹੇ ਹਰੀ, ਤੇਰੇ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ। ਵੈਸੇ ਤਾਂ ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, ਪਰ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਹਨ, ਉਨ੍ਹਾਂ ਨੂੰ ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ, ਆਦਰ ਦੇਂਦਾ ਹੈਂ।9।
ਚੰਦੀ ਅਮਰ ਜੀਤ ਸਿੰਘ (ਚਲਦਾ)