ਗੁਰਬਾਣੀ ਦੀ ਸਰਲ ਵਿਆਖਿਆ ਭਾਗ(258)
ਸਲੋਕ ਮ: 3 ॥
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥
ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥
ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥
ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥
ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥
ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥
ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥
ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥1॥
ਹੇ ਨਾਨਕ, ਉਹ ਮਨੁੱਖ ਬਹਾਦਰ ਸੂਰਮਾ ਹੈ ਜਿਸ ਨੇ ਮਨ ਵਿਚੋਂ ਦੁਸ਼ਟ ਹੰਕਾਰ ਨੂੰ ਦੂਰ ਕੀਤਾ ਹੈ ਤੇ ਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ ਦੇ ਨਾਮ ਦੀ ਸਿਫਤ-ਸਾਲਾਹ ਕਰ ਕੇ ਜਨਮ ਸਫਲਾ ਕੀਤਾ ਹੈ। ਉਹ ਸੂਰਮਾ ਆਪ ਸਦਾ ਲਈ ਵਿਕਾਰਾਂ ਤੋਂ ਛੁੱਟ ਜਾਂਦਾ ਹੈ, ਤੇ ਨਾਲ ਸਾਰੀ ਕੁਲ ਨੂੰ ਤਾਰ ਲੈਂਦਾ ਹੈ। (ਕੁਲ ਬਾਰੇ ਆਪਾਂ ਵਿਚਾਰ ਕੀਤੀ ਸੀ, ਕੁਲ ਦਾ ਸੰਬੰਧ ਬਿੰਦੀ ਸੰਤਾਨ ਨਾਲ ਨਹੀਂ, ਇਸ ਕੁਲ ਦਾ ਸੰਬੰਧ ਨਾਦੀ ਸੰਤਾਨ ਨਾਲ ਹੈ) ਨਾਮ ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਹਰੀ ਦੀ ਦਰਗਾਹ ਵਿਚ ਸੋਭਾ ਪਾਉਂਦੇ ਹਨ। ਪਰ ਮਨਮੁੱਖ, ਹੰਕਾਰ ਵਿਚ ਸੜਦੇ ਹਨ ਤੇ ਦੁਖੀ ਹੋਕੇ ਮਰਦੇ ਹਨ। ਇਨ੍ਹਾਂ ਵਿਚਾਰਿਆਂ ਦੇ ਵੱਸ ਵੀ ਕੀ ਹੈ ? ਸਭ ਪ੍ਰਭੂ ਦਾ ਭਾਣਾ ਵਰਤ ਰਿਹਾ ਹੈ। ਮਨਮੁੱਖ, ਆਪਣੇ ਆਪ ਦੀ ਖੋਜ ਛੱਡ ਕੇ ਮਾਇਆ ਵਿਚ ਚਿੱਤ ਜੋੜਦੇ ਹਨ, ਤੇ ਪ੍ਰਭੂ-ਪਤੀ ਨੂੰ ਵਿਸਾਰਦੇ ਹਨ।
ਹੇ ਨਾਨਕ, ਨਾਮ ਤੋਂ ਹੀਣ ਹੋਣ ਕਾਰਨ ਉਨ੍ਹਾਂ ਨੂੰ ਸਦਾ ਦੁੱਖ ਮਿਲਦਾ ਹੈ, ਸੁਖ ਉਨ੍ਹਾਂ ਨੂੰ ਵਿਸਰ ਹੀ ਜਾਂਦਾ ਹੈ, ਸੁਖ ਦਾ ਕਦੀ ਮੂੰਹ ਵੀ ਨਹੀਂ ਵੇਖਦੇ ।1।
ਮ: 3 ॥
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥
ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥
ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥
ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥
ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥2॥
ਜਿਨ੍ਹਾਂ ਨੂੰ ਪੂਰੇ ਗੁਰੂ ਨੇ, ਹਿਰਦੇ ਵਿਚ ਹਰਿ-ਨਾਮ ਪੱਕਾ ਕਰ ਦਿੱਤਾ ਹੈ, ਉਨ੍ਹਾਂ ਨੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ। ਉਹ ਹਰੀ ਨਾਮ ਦੀ ਉਪਮਾ ਕਰਦੇ ਹਨ, ਤੇ ਇਸ ਸਿਫਤ-ਸਾਲਾਹ ਨੂੰ ਚਾਨਣ ਬਣਾ ਕੇ ਉਨ੍ਹਾਂ ਨੂੰ ਸਿੱਧਾ ਰਸਤਾ ਦਿਸ ਪੈਂਦਾ ਹੈ। ਉਹ ਅਹੰਕਾਰ ਦੂਰ ਕਰ ਕੇ, ਇਕ ਨਾਲ ਪਿਆਰ ਪਾਉਂਦੇ ਹਨ, ਅਤੇ ਹਿਰਦੇ ਵਿਚ ਨਾਮ ਵਸਾਂਦੇ ਹਨ। ਗੁਰੂ ਦੀ ਮੱਤ ਤੇ ਤੁਰਨ ਦੇ ਕਾਰਨ, ਜਮ ਉਨ੍ਹਾਂ ਨੂੰ ਘੂਰ ਨਹੀਂ ਸਕਦਾ, ਕਿਉਂਕਿ ਸੱਚੇ ਨਾਮ ਵਿਚ ਉਨ੍ਹਾਂ ਦੀ ਬਿਰਤੀ ਜੁੜੀ ਹੂੰਦੀ ਹੈ। ਪਰ ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਖੁਸ਼ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ।
ਦਾਸ ਨਾਨਕ ਵੀ ਨਾਮ ਦੇ ਆਸਰੇ ਹੈ, ਇਕ ਪਲਕ ਭਰ ਵੀ ਨਾਮ ਤੋਂ ਸੱਖਣਾ ਰਹੇ ਤਾਂ ਮਰਨ ਲਗਦਾ ਹੈ।2।
ਪਉੜੀ ॥
ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥
ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥
ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥
ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥
ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥11॥
ਜੋ ਮਨੁੱਖ, ਹਰੀ ਦੇ ਦਰਬਾਰ ਵਿਚ ਮਿਲਿਆ ਆਦਰ ਪਾਉਣ ਜੋਗ ਹੋਇਆ ਹੈ, ਉਸ ਨੂੰ ਸੰਸਾਰ ਦੇ ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ। ਜਿਥੇ ਉਹ ਜਾਂਦਾ ਹੈ, ਓਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦੀ ਨੁਹਾਰ ਵੇਖ ਕੇ ਸਭ ਪਾਪੀ ਤਰ ਜਾਂਦੇ ਹਨ, ਕਿਉਂ ਜੋ ਉਸ ਦੇ ਮਨ ਵਿਚ ਨਾਮ ਦਾ ਖਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਿਵਾਰ ਹੈ। ਹੇ ਭਾਈ, ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ ਜਪਣ ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ।
ਜਿਨ੍ਹਾਂ ਨੇ ਇਕਾਗਰ-ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ, ਸੰਸਾਰ ਵਿਚ ਸਦਾ ਲਈ, ਉਨ੍ਹਾਂ ਦੀ ਸੋਭਾ ਤੇ ਵਡਿਆਈ ਕਾਇਮ ਹੋ ਗਈ ਹੈ।11।
ਚੰਦੀ ਅਮਰ ਜੀਤ ਸਿੰਘ (ਚਲਦਾ)