ਗੁਰਬਾਣੀ ਦੀ ਸਰਲ ਵਿਆਖਿਆ ਭਾਗ(259)
ਸਲੋਕ ਮ: 3 ॥
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥
ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥
ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥
ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥
ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥
ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥
ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥
ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥1॥
ਗੁਰੂ ਦੀ ਮੱਤ ਲੈ ਕੇ ਤੇ ਗੁਰੂ ਦੇ ਸੁਭਾਉ ਵਿਚ ਆਪਣਾ ਸੁਭਾਉ ਲੀਨ ਕਰ ਕੇ, ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ ਹਰੀ ਦੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਜਦੋਂ ਜੀਵ ਨੂੰ ਪ੍ਰਭੂ ਦੀ ਹੋਂਦ ਤੇ ਸਿਦਕ ਬੱਝ ਜਾਵੇ, ਤਾਂ ਹਿਰਦੇ ਵਿਚ ਹੀ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ, ਤੇ ਤੀਰਥਾਂ ਆਦਿ ਤੇ ਜਾਣ ਦੀ ਲੋੜ ਨਹੀਂ ਰਹਿੰਦੀ। ਕਿਉਂਕਿ ਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ ਵਰਤਿਆਂ ਜੀਵਾਤਮਾ ਮਾਇਆ ਵਲੋਂ ਅਹਿਲ ਹੋ ਕੇ ਡੋਲਣੋਂ ਹਟ ਜਾਂਦਾ ਹੈ। ਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ। ਜੇ ਇਕ ਪਲਕ ਭਰ ਵੀ ਪ੍ਰਭੂ ਦਾ ਨਾਮ ਮਨ ਵਿਚ ਵੱਸ ਜਾਏ, ਜੇ ਜੀਵ ਇਕ ਮਨਇਕ ਪਲਕ ਭਰ ਵੀ ਨਾਮ ਜਪ ਸਕੇ ਤਾਂ ਮਾਨੋ ਅਠਾਹਟ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ, ਕਿਉਂਕਿ ਸੱਚ ਵਿਚ ਜੁੜੇ ਹੋਏ ਨੂੰ ਮੈਲ਼ ਲਗਦੀ ਹੀ ਨਹੀਂ, ਮੈਲ ਸਦਾ ਮਾਇਆ ਦੇ ਪਿਆਰ ਵਿਚ ਲਗਦੀ ਹੈ, ਤੇ ਉਹ ਮੈਲ ਕਦੀ ਵੀ ਤੀਰਥਾਂ ਦੇ ਇਸਨਾਨ ਨਾਲ ਨਹੀਂ ਉਤਰਦੀ। ਕਾਰਨ ਇਹ ਹੁੰਦਾ ਹੈ ਕਿ ਮਨੁੱਖ ਗੁਰੂ ਵਲੋਂ ਮਨਮੁਖ ਹੋ ਕੇ, ਹੰਕਾਰ ਦੇ ਆਸਰੇ ਤੀਰਥ-ਇਸ਼ਨਾਨ ਆਦਿ ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ। ਹੇ ਨਾਨਕ, ਮੈਲਾ ਮਨ ਤਦੋਂ ਹੀ ਪਵਿੱਤ੍ਰ ਹੁੰਦਾ ਹੈ, ਜੇ ਜੀਵ, ਗੁਰੂ ਵਿਚ ਜੀਨ ਹੋ ਜਾਵੇ, ਆਪਾ-ਭਾਵ ਮਿਟਾ ਦੇਵੇ।1।
ਮ: 3 ॥
ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥
ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥
ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥
ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥
ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥
ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥
ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥
ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥
ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥
ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥
ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥2॥
ਜੋ ਮਨੁੱਖ, ਗੁਰੂ ਵਲੋਂ ਮੁੱਖ ਮੋੜੀ ਬੈਠਾ ਹੈ (ਜਿਵੇਂ ਅੱਜ ਦੇ ਸਿੱਖ ਮੋੜੀ ਬੈਠੇ ਹਨ) ਉਹ ਸਮਝਾਇਆਂ ਵੀ ਕਦੀ ਨਹੀਂ ਸਮਝਦਾ, ਜੇ ਉਸ ਨੂੰ ਗੁਰਮੁਖਾਂ ਦੇ ਵਿਚ ਰਲਾ ਵੀ ਦੇਈਏ, ਤਾਂ ਵੀ ਸੁਭਾਉ ਕਰ ਕੇ ਉਨ੍ਹਾਂ ਨਾਲ ਨਹੀਂ ਰਲਦਾ ਤੇ ਪਿਛਲੇ ਕੀਤੇ, ਸਿਰ ਪਏ ਕਰਮਾਂ ਅਨੁਸਾਰ ਭਟਕਦਾ ਫਿਰਦਾ ਹੈ। ਉਸ ਵਿਚਾਰੇ ਉੱਤੇ ਵੀ ਕੀ ਦੋਸ਼ ? ਸੰਸਾਰ ਵਿਚ ਰਸਤੇ ਹੀ ਦੋ ਹਨ, ਹਰੀ ਨਾਲ ਪਿਆਰ, ਤੇ ਮਾਇਆ ਨਾਲ ਪਿਆਰ, ਤੇ ਮਨਮੁੱਖ ਪ੍ਰਭੂ ਦੇ ਹੁਕਮ ਵਿਚ ਹੀ, ਮਾਇਆ ਵਾਲੀ ਕਾਰ ਪਿਆ ਕਰਦਾ ਹੈ। ਦੂਜੇ ਪਾਸੇ ਹੁਕਮ ਵਿਚ ਹੀ, ਗੁਰਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਕਸਵੱਟੀ ਲਾ ਕੇ, ਪਰਖ ਕਰ ਕੇ ਆਪਣੇ ਮਨ ਨੂੰ ਮਾਰ ਲੈਂਦਾ ਹੈ, ਮਾਇਆ ਦੇ ਪਿਆਰ ਵਲੋਂ ਰੋਕ ਲੈਂਦਾ ਹੈ। ਉਹ ਸਦਾ ਮਨ ਦੀ ਵਿਕਾਰ-ਬਿਰਤੀ ਨੂੰ ਮਨ ਦੀ ਸ਼ੁਭ-ਬਿਰਤੀ ਵਿਚ ਲੀਨ ਕਰ ਲੈਂਦਾ ਹੈ। ਇਸ ਤਰ੍ਹਾਂ ਗੁਰੂ ਦੇ ਸੁਭਾਉ ਵਿਚ ਆਪਾ ਲੀਨ ਕਰਨ ਵਾਲਾ ਮਨ, ਜੋ ਇੱਛਾ, ਜੋ ਚਾਹ ਕਰਦਾ ਹੈ ਸੋ ਲੈਂਦਾ ਹੈ। ਹੇ ਭਾਈ, ਗੁਰਮੁਖਾਂ ਵਾਲੀ ਕਾਰ ਕਰ ਕੇ ਸਦਾ ਨਾਮ-ਅੰਮ੍ਰਿਤ ਪੀਵੀਏ। ਮਨ ਨੂੰ ਛੱਡ ਕੇ ਜੋ ਜੀਵ ਸਰੀਰ ਆਦਿ ਹੋਰ (ਇੰਦਰਿਆਂ) ਨਾਲ ਝਗੜਾ ਪਾਂਦਾ ਹੈ, ਉਹ ਜਨਮ ਬਿਰਥਾ ਗਵਾਂਦਾ ਹੈ। ਮਨਮੁਖ ਮਨ ਦੇ ਹੱਠ ਵਿਚ ਬਾਜ਼ੀ ਹਾਰ ਜਾਂਦਾ ਹੈ, ਤੇ ਕੂੜ-ਕੁਸੱਤ ਦੀ ਕਮਾਈ ਕਰਦਾ ਹੈ। ਹੇ ਨਾਨਕ, ਗੁਰਮੁਖ, ਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ, ਪ੍ਰਭੂ ਨਾਲ ਪਿਆਰ ਜੋੜਦਾ ਹੈ ਤੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਪਰ ਮਨਮੁਖ ਭਟਕਦਾ ਫਿਰਦਾ ਹੈ।2।
ਪਉੜੀ ॥
ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥12॥
ਹੇ ਹਰੀ ਦੇ ਸੰਤ-ਜਨ ਪਿਆਰਿਉ, (ਗੱਲ ਸੰਤ-ਜਨਾਂ, ਬਹੁ ਵਚਨ ਦੀ ਹੈ, ਗੁਰਬਾਣੀ ਵਿਚ ਰੱਬ ਨੂੰ ਛੱਡ ਕੇ ਕਿਸੇ ਇਕ ਸੰਤ ਦੀ ਗੱਲ ਹੈ ਹੀ ਨਹੀਂ) ਆਪਣੇ ਗੁਰੂ ਦੀ ਸਿਖਿਆ ਸੁਣੋ, ਸਿਖਿਆ ਤੇ ਤੁਰੋ। ਇਸ ਸਿਖਿਆ ਨੂੰ ਉਸ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਤੇ ਧੁਰੋਂ ਹੀ ਭਾਗ ਹੋਵੇ। ਗੁਰੂ ਦੀ ਸਿਖਿਆ ਦੁਆਰਾ ਹੀ ਅਡੋਲ ਅਵਸਥਾ ਵਿਚ ਪਹੁੰਚ ਕੇ ਪ੍ਰਭੂ ਦੀ ਉੱਤਮ ਪਵਿੱਤ੍ਰ ਤੇ ਜੀਵਨ-ਕਣੀ ਬਖਸ਼ਣ ਵਾਲੀ ਸਿਫਤ-ਸਾਲਾਹ ਦਾ ਆਨੰਦ ਲਿਆ ਜਾ ਸਕਦਾ ਹੈ। ਗੁਰੂ ਦੀ ਸਿਖਿਆ ਨੂੰ ਜਿਹੜਾ ਹਿਰਦਾ ਇਕ ਵਾਰੀ ਧਾਰਨ ਕਰਦਾ ਹੈ, ਉਸ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਤੇ ਮਾਇਆ ਦਾ ਹਨੇਰਾ ਇਵੇਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ ਦੇ ਹਨੇਰੇ ਨੂੰ ਖਿੱਚ ਲੈਂਦਾ ਹੈ। ਜੋ ਪ੍ਰਭੂ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦਾ, ਇੰਦਰਿਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ, ਉਹ ਗੁਰੂ ਦੇ ਸਨਮੁਖ ਹੋਣ ਕਰ ਕੇ ਅੱਖੀਂ ਦਿਸ ਪੈਂਦਾ ਹੈ ।12।
ਚੰਦੀ ਅਮਰ ਜੀਤ ਸਿੰਘ (ਚਲਦਾ)