ਗੁਰਬਾਣੀ ਦੀ ਸਰਲ ਵਿਆਖਿਆ ਭਾਗ(260)
ਸਲੋਕੁ ਮ: 3 ॥
ਸਤਿਗੁਰ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥
ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥
ਸਤਿਗੁਰ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥
ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥1॥
ਜਿਹੜਾ ਮਨੁੱਖ ਆਾਪਣੇ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਹ ਮਨੁੱਖ ਆਪਣਾ ਸਿਰ, ਮਨੁੱਖਾ ਜਨਮ ਸਫਲਾ ਕਰ ਲੈਂਦਾ ਹੈ। ਅਜਿਹੇ ਮਨੁੱਖ ਹਿਰਦੇ ਵਿਚੋਂ ਹੰਕਾਰ ਦੂਰ ਕਰ ਕੇ ਸੱਚੇ ਨਾਮ ਵਿਚ ਬਿਰਤੀ ਜੋੜੀ ਰੱਖਦੇ ਹਨ। ਜਿਨ੍ਹਾਂ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਨ੍ਹਾਂ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ। ਪਰ ਹੇ ਨਾਨਕ, ਕਿਸੇ ਨੂੰ ਕੁਝ ਚੰਗਾ-ਮੰਦਾ ਆਖਿਆ ਨਹੀਂ ਜਾ ਸਕਦਾ, ਜੋ ਉਸ ਪ੍ਰਭੂ ਨੂੰ ਚੰਗਾ ਲਗਦਾ ਹੈ, ਆਪ ਕਰਦਾ ਹੈ।1।
ਮ: 3 ॥
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥
ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥
ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥
ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥
ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥2॥
ਇਹ ਕੁਦਰਤ ਦਾ ਤਰੀਕਾ ਹੈ ਕਿ ਵਿਕਾਰਾਂ ਵਿਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ ਹੀ ਕਰਦਾ ਹੈ। ਇਸ ਵਾਸਤੇ ਮਾਇਆ ਦੇ ਪਿਆਰ ਵਿਚ ਫਸੇ ਰਹਿ ਕੇ ਜੋ ਮਨੁੱਖ ਪੂਜਾ ਕਰਦੇ ਹਨ, ਇਸ ਪੂਜਾ ਦਾ ਉਨ੍ਹਾਂ ਨੂੰ ਕੁਝ ਲਾਭ ਨਹੀਂ ਹੁੰਦਾ, ਦਰਗਾਹ ਵਿਚ ਸਜ਼ਾ ਹੀ ਮਿਲਦੀ ਹੈ। ਆਤਮਾ ਨੂੰ ਚਾਨਣ ਬਖਸ਼ਣ ਵਾਲੇ ਪ੍ਰਭੂ ਦੀ ਹੀ ਸੇਵਾ ਕਰਨੀ ਚਾਹੀਦੀ ਹੈ, ਪਰ ਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ। ਗੁਰੂ ਦਾ ਭਾਣਾ ਮੰਨਣਾ, ਇਹੀ ਜਪ ਤਪ ਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ ਭਾਣਾ ਮੰਨਣ ਦੀ ਸਮਰੱਥਾ ਪ੍ਰਾਪਤ ਹੁੰਦੀ ਹੈ। ਹੇ ਨਾਨਕ, ਉਂਜ ਤਾਂ ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪ੍ਰਵਾਨ ਹੁੰਦੀ ਹੈ ਪਰ ਸੇਵਾ ਵੀ ਸੁਰਤ ਦੁਆਰਾ ਹੀ, ਸੁਰਤ ਨੂੰ ਗੁਰੂ ਦੇ ਭਾਣੇ ਵਿਚ ਟਿਕਾ ਕੇ ਹੀ ਕੀਤੀ ਜਾ ਸਕਦੀ ਹੈ।2।
ਪਉੜੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥13॥
ਹੇ ਮੇਰੇ ਮਨ, ਹਰੀ-ਨਾਮ ਦਾ ਸਿਮਰਨ ਕਰ, ਜਿਸ ਤੋਂ ਰਾਤ-ਦਿਨ ਸਦਾ ਸੁਖ ਹੋਵੇ। ਹੇ ਮੇਰੇ ਮਨ, ਹਰੀ-ਨਾਮ ਦਾ ਸਿਮਰਨ ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ। ਹੇ ਮੇਰੇ ਮਨ, ਹਰੀ-ਨਾਮ ਦਾ ਸਿਮਰਨ ਕਰ, ਜਿਸ ਨਾਲ ਸਭ ਦਰਿੱਦ੍ਰ, ਦੁਖ ਤੇ ਭੁੱਖਾਂ ਲਹਿ ਜਾਣ। ਹੇ ਮੇਰੇ ਮਨ, ਹਰੀ-ਨਾਮ ਦਾ ਸਿਮਰਨ ਕਰ, ਜਿਸ ਕਰ ਕੇ ਗੁਰੂ ਦੇ ਸਨਮੁੱਖ ਰਹਿ ਕੇ ਤੇਰੇ ਅੰਦਰ ਉੱਤਮ ਪ੍ਰੀਤ, ਹਰੀ ਨਾਮ ਦੀ ਪ੍ਰੀਤ ਬਣ ਜਾਏ। ਧੁਰ ਸੱਚੀ ਦਰਗਾਹ ਤੋਂ, ਜਿਸ ਮੂੰਹ ਤੇ ਭਾਗ ਲਿਖਿਆ ਹੋਵੇ, ਪ੍ਰਭੂ ਉਸ ਤੋਂ ਹੀ ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ।13।
ਚੰਦੀ ਅਮਰ ਜੀਤ ਸਿੰਘ (ਚਲਦਾ)