ਗੁਰਬਾਣੀ ਦੀ ਸਰਲ ਵਿਆਖਿਆ ਭਾਗ(262)
ਸਲੋਕ ਮ: 2 ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥1॥
ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾ ਝੁਕੇ, ਜਿਸ ਸੋਚ ਵਿਚ ਪ੍ਰਭੂ ਦਾ ਸਤਿਕਾਰ ਨਹੀਂ ਉਹ ਬਦਲ ਦੇਣ ਯੋਗ ਹੈ, ਉਸ ਦਾ ਕੋਈ ਗੁਣ ਨਹੀਂ। ਹੇ ਨਾਨਕ, ਜਿਸ ਸਰੀਰ ਵਿਚ ਪਿਆਰ ਨਹੀਂ, ਉਹ ਸਰੀਰ ਸਾੜ ਦਿਉ, ਉਹ ਵੀ ਵਿਅਰਥ ਹੈ।1।
ਮ: 5 ॥
ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥
ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥2॥
ਹੇ ਨਾਨਕ, ਜਿਸ ਜੀਵ-ਇਸਤ੍ਰੀ ਨੇ ਸਭ ਦੇ ਮੂਲ, ਸਿਰਜਣਹਾਰ ਨੂੰ ਵਿਸਾਰਿਆ ਹੈ, ਉਹ ਮੁੜ-ਮੁੜ ਜੰਮਦੀ ਮਰਦੀ ਹੈ, ਤੇ ਉਹ ਕਸਤੂਰੀ, ਉੱਤਮ ਪਦਾਰਥ ਦੇ ਭੁਲੇਖੇ, ਮਾਇਆ ਦੇ ਗੰਦੇ ਟੋਏ ਵਿਚ ਪਈ ਹੋਈ ਹੈ।2।
ਪਉੜੀ ॥
ਸੋ ਐਸਾ ਹਰਿ ਨਾਮੁ ਧਿਆਇਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥15॥
ਹੇ ਮੇਰੇ ਮਨ, ਜੋ ਪ੍ਰਭੂ ਸਭ ਜੀਵਾਂ ਉੱਤੇ ਆਪਣਾ ਹੁਕਮ ਚਲਾਉਂਦਾ ਹੈ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਉਂਦੇ ਹਨ, ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਮੇਰੇ ਮਨ, ਜੋ ਅੰਤ ਸਮੇ, ਮੌਤ ਦੇ ਡਰ ਤੋਂ ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ। ਜੋ ਹਰੀ-ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ, ਉਸ ਦਾ ਜਾਪ ਕਰਨਾ ਚਾਹੀਦਾ ਹੈ। ਸਭ ਨਿੰਦਕ ਤੇ ਦੁਰਜਨ, ਉਨ੍ਹਾਂ ਵਡਭਾਗੀਆਂ ਦੀ ਚਰਨੀਂ ਆ ਲਗਦੇ ਹਨ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਹ ਨਾਮ ਜਪਿਆ ਹੈ। ਹੇ ਨਾਨਕ, ਪ੍ਰਭੂ ਦੇ ਨਾਮ, ਉਸ ਦੀ ਰਜ਼ਾ ਦਾ ਸਿਮਰਨ ਕਰ, ਇਹ ਸਾਧਨ ਸਭ ਸਾਧਨਾਂ ਤੋਂ ਵੱਡਾ ਹੈ, ਪ੍ਰਭੂ ਨੇ ਸਭ ਲਿਆ ਕੇ, ਨਾਮ ਦੇ ਅੱਗੇ ਨਿਵਾ ਦਿੱਤੇ ਹਨ।15।
ਚੰਦੀ ਅਮਰ ਜੀਤ ਸਿੰਘ (ਚਲਦਾ)