ਗੁਰਬਾਣੀ ਦੀ ਸਰਲ ਵਿਆਖਿਆ ਭਾਗ(264)
ਸਲੋਕ ਮ: 3 ॥
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥1॥
ਮਨ ਦਾ ਮੁਰੀਦ ਜੀਵ, ਉਸ ਖੋਟੀ, ਚੰਦਰੇ ਲੱਛਣਾ ਵਾਲੀ ਤੇ ਮੈਲੀ ਇਸਤ੍ਰੀ ਵਾਂਙ ਹੈ, ਜਿਸ ਨੇ ਘਰ ਵਿਚ ਵੱਸਦਾ ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ ਪਾਇਆ ਹੋਇਆ ਹੈ। (ਕੀ ਅੱਜ ਦੇ ਸਿੱਖ, ਇਸ ਤੋਂ ਕੁੱਛ ਵਖਰੇ ਹਨ)
ਉਸ ਦੀ ਤ੍ਰਿਸ਼ਨਾ ਕਦੀ ਨਹੀਂ ਮਿਟਦੀ ਤੇ ਤ੍ਰਿਸ਼ਨਾ ਵਿਚ ਸੜਦੀ ਹੋਈ ਵਿਲਕਦੀ ਹੈ। ਹੇ ਨਾਨਕ, ਮਨਮੁਖ ਜੀਵ, ਪ੍ਰਭੂ ਦੇ ਨਾਮ ਤੋਂ ਬਗੈਰ, ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਙ ਹੈ ਤੇ ਖਸਮ ਵਲੋਂ ਵੀ ਦੁਰਕਾਰੀ ਹੋਈ ਹੈ ।1।
ਮ: 3 ॥
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥
ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥
ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥
ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥2॥
ਜੀਊਂਦੇ ਖਸਮ ਵਾਲੀ, ਗੁਰਮੁਖ ਜੀਵ-ਇਸਤ੍ਰੀ ਉਹ ਹੈ ਜੋ ਗੁਰੂ ਦੇ ਸ਼ਬਦ ਦੀ ਰਾਹੀਂ ਗੁਰੂ ਦੇ ਪ੍ਰੇਮ-ਪਿਆਰ ਵਿਚ ਸਦਾ ਆਪਣੇ ਹਰੀ-ਖਸਮ ਦੀ ਯਾਦ ਦਾ ਆਨੰਦ ਮਾਣਦੀ ਹੈ। ਉਹ ਸੁੰਦਰ ਨਾਰੀ ਬਹੁਤ ਸੋਹਣੇ ਰੂਪ ਵਾਲੀ ਤੇ ਸੋਭਾ ਵਾਲੀ ਹੈ। ਹੇ ਨਾਨਕ, ਨਾਮ ਵਿਚ ਜੁੜੀ ਹੋਣ ਕਰ ਕੇ ਗੁਰਮੁਖ ਸੁਹਾਗਣ ਨੂੰ ਮੇਲਣਹਾਰ ਹਰੀ ਨੇ ਆਪਣੇ ਵਿਚ ਮਿਲਾ ਲਿਆ ਹੈ।2।
ਪਉੜੀ ॥
ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥
ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥
ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥
ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥
ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥ 17॥
ਹੇ ਪ੍ਰਭੂ, ਸਭ ਜੀਵ ਤੇਰੀ ਹੀ ਸਿਫਤ-ਸਾਲਾਹ ਕਰਦੇ ਹਨ, ਜਿਸ ਨੇ ਉਨ੍ਹਾਂ ਨੂੰ ਮਾਇਆ ਵਿਚ ਫਸਿਆਂ ਨੂੰ ਕੱਢਿਆ ਹੈ। ਹੇ ਹਰੀ, ਸਭ ਜੀਵ ਤੇਰੇ ਹੀ ਅੱਗੇ ਸਿਰ ਨਿਵਾਉਂਦੇ ਹਨ, ਜਿਸ ਨੇ ਉਨ੍ਹਾਂ ਨੂੰ ਪਾਪਾਂ ਤੋਂ ਬਚਾਇਆ ਹੈ। ਹੇ ਹਰੀ, ਜਿਨ੍ਹਾਂ ਨੂੰ ਕਿਤੇ ਆਦਰ ਨਹੀਂ ਮਿਲਦਾ, ਤੂੰ ਉਨ੍ਹਾਂ ਦਾ ਮਾਣ ਬਣਦਾ ਹੈਂ। ਹੇ ਹਰੀ. ਤੂੰ ਸਭ ਤੋਂ ਵਧੀਕ ਡਾਢਾ ਹੈਂ। ਹੇ ਭਾਈ, ਪ੍ਰਭੂ ਹੰਕਾਰੀਆਂ ਨੂੰ ਮਾਰ ਕੇ, ਬਿਪਤਾ ਵਿਚ ਪਾ ਕੇ ਨਿਵਾਉਂਦਾ ਹੈ, ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਪਾਂਦਾ ਹੈ, ਪਰਮਾਤਮਾ ਗਰੀਬ ਤੇ ਅਨਾਥ ਭਗਤਾਂ ਨੂੰ ਆਦਰ ਬਖਸ਼ਦਾ ਹੈ ।17।
ਚੰਦੀ ਅਮਰ ਜੀਤ ਸਿੰਘ (ਚਲਦਾ)