ਗੁਰਬਾਣੀ ਦੀ ਸਰਲ ਵਿਆਖਿਆ ਭਾਗ(266)
ਸਲੋਕ ਮ: 3 ॥
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥1॥
ਮਨ ਤਾਂਘਦਾ ਹੈ ਕਿ ਆਪਣੇ ਪਿਆਰੇ ਨੂੰ ਸਦਾ ਮਿਲੀ ਰਹਾਂ, ਅੰਦਰ ਹਿਰਦੇ ਵਿਚ ਪਰੋ ਰੱਖਾਂ ਅਤੇ ਗੁਰੂ ਦੇ ਲਾਏ ਪ੍ਰੇਮ ਵਿਚ ਸਦਾ ਉਸ ਪ੍ਰਭੂ ਦੀ ਸਿਫਤ-ਸਾਲਾਹ ਕਰਦੀ ਰਹਾਂ। ਪਰ ਹੇ ਨਾਨਕ, ਜਿਸ ਵੱਲ ਉਹ ਪਿਆਰਾ ਪਿਆਰ ਨਾਲ ਤੱਕਦਾ ਹੈ, ਉਸ ਨੂੰ ਹੀ ਆਪਣੇ ਨਾਲ ਮੇਲਦਾ ਹੈ, ਤੇ ਉਹੋ ਇਸਤ੍ਰੀ ਜੀਊਂਦੇ ਸਾਂਈਂ ਵਾਲੀ ਅਖਵਾਉਂਦੀ ਹੈ।1।
ਮ: 3 ॥
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥
ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥2॥
ਪ੍ਰਭੂ ਜਿਸ ਜੀਵ ਤੇ ਮਿਹਰ ਦੀ ਨਜ਼ਰ ਕਰਦਾ ਹੈ, ਉਹ ਜੀਵ ਗੁਰੂ ਦੀ ਦੱਸੀ ਕਾਰ ਕਰ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ। ਹਰੀ-ਨਾਮ ਦਾ ਸਿਮਰਨ ਕਰ ਕੇ ਜੀਵ ਮਨੁੱਖ-ਸੁਭਾਉ ਤੋਂ ਦੇਵਤਾ-ਸੁਭਾਉ ਵਾਲੇ ਬਣ ਜਾਂਦੇ ਹਨ। ਜਿਨ੍ਹਾਂ ਦੀ ਹਉਮੈ ਦੂਰ ਕਰ ਕੇ ਉਸ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਤੋਂ ਬਚ ਜਾਂਦੇ ਹਨ। ਹੇ ਨਾਨਕ, ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਨ੍ਹਾਂ ਨੂੰ ਅਡੋਲ ਅਵਸਥਾ ਵਿਚ ਟਿਕਾ ਦਿੱਤਾ ਹੈ।2।
ਪਉੜੀ ॥
ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥
ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥
ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥
ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥
ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥19॥
ਪ੍ਰਭੂ ਨੇ ਭਗਤ-ਜਨਾਂ ਤੋਂ ਆਪ ਹੀ ਆਪਣੀ ਭਗਤੀ ਕਰਾ ਕੇ, ਭਗਤੀ ਦੀ ਬਰਕਤ ਨਾਲ ਉਨ੍ਹਾਂ ਨੂੰ ਆਪਣੀ ਵਡਿਆਈ ਵਿਖਾਲੀ ਹੈ। ਪ੍ਰਭੂ ਭਗਤਾਂ ਦੇ ਹਿਰਦੇ ਵਿਚ ਆਪਣਾ ਭਰੋਸਾ ਆਪ ਪੈਦਾ ਕਰਦਾ ਹੈ ਤੇ ਉਨ੍ਹਾਂ ਤੋਂ ਆਪ ਹੀ ਉਸ ਨੇ ਸੇਵਾ ਕਰਵਾਈ ਹੈ। ਭਗਤਾਂ ਨੂੰ ਆਪਣੇ ਭਜਨ ਦਾ ਆਨੰਦ ਵੀ ਆਪ ਹੀ ਬਖਸ਼ਦਾ ਹੈ, ਤੇ ਇਸ ਤਰ੍ਹਾਂ ਉਨ੍ਹਾਂ ਨੂੰ ਹਿਰਦੇ ਵਿਚ ਅਡੋਲ ਟਿਕਾ ਰੱਖਿਆ ਹੈ। ਪਰ ਪਾਪੀਆਂ ਨੂੰ ਅਡੋਲ-ਚਿੱਤ ਨਹੀਂ ਰਹਿਣ ਦੇਂਦਾ, ਚੁਣ ਕੇ ਉਨ੍ਹਾਂ ਨੂੰ ਘੋਰ ਨਰਕ ਵਿਚ ਪਾ ਦਿੱਤਾ ਹੈ, ਜਨਮ-ਮਰਨ ਦੇ ਗੇੜ ਵਿਚ ਪਾ ਦਿੱਤਾ ਹੈ। ਭਗਤ-ਜਨਾਂ ਨੂੰ ਪਿਆਰ ਕਰਦਾ ਹੈ, ਉਨ੍ਹਾਂ ਦਾ ਪੱਖ ਕਰ ਕੇ ਉਸ ਨੇ ਆਪ ਉਨ੍ਹਾਂ ਨੂੰ ਵਿਕਾਰਾਂ ਤੋਂ ਬਚਾਇਆ ਹੈ।19।
ਚੰਦੀ ਅਮਰ ਜੀਤ ਸਿੰਘ (ਚਲਦਾ)