ਗੁਰਬਾਣੀ ਦੀ ਸਰਲ ਵਿਆਖਿਆ ਭਾਗ(267)
ਸਲੋਕ ਮ: 1 ॥
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥1॥
ਮਨੁੱਖ ਦੇ ਅੰਦਰ ਹੀ ਭੈੜੀ ਮੱਤ, ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਾ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ ਹੈ, ਜਿਸ ਨੇ ਜੀਵ ਦੇ ਸ਼ਾਂਤ ਸੁਭਾਉ ਨੂੰ ਠੱਗ ਰੱਖਿਆ ਹੈ। ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ ਤਾਂ ਬਾਹਰ ਚੌਂਕਾ ਸੁੱਚਾ ਰੱਖਣ ਲਈ ਲਕੀਰਾਂ ਕੱਢਣ ਦਾ ਕੀ ਲਾਭ ? ਹੇ ਨਾਨਕ, ਜੋ ਮਨੁੱਖ ਸੱਚ ਨੂੰ, ਚੌਕਾ ਸੁੱਚਾ ਕਰਨ ਦੀ ਜੁਗਤ ਬਣਾਂਦੇ ਹਨ, ਉੱਚੇ
ਆਚਰਨ ਨੂੰ ਚੌਂਕੇ ਦੀਆਂ ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ ਤੀਰਥ ਇਸ਼ਨਾਨ ਸਮਝਦੇ ਹਨ, ਜੋ ਹੋਰਨਾਂ ਨੂੰ ਵੀ ਪਾਪਾਂ ਵਾਲੀ ਸਿਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ।1।
ਮ: 1 ॥
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥2॥
ਜਿਸ ਵੱਲ ਪਰਮਾਤਮਾ ਪਿਆਰ ਨਾਲ ਤੱਕੇ, ਉਸ ਦਾ ਬਗੁਲਾ-ਪਨ, ਪਖੰਡ ਦੂਰ ਹੋਣਾ ਕੀ ਔਖਾ ਹੈ ? ਤੇ ਉਸ ਦਾ ਹੰਸ ਉੱਜਲ-ਮਤ ਬਣਨਾ ਕੀ ਮੁਸ਼ਕਿਲ ਹੈ ? ਹੇ ਨਾਨਕ, ਜੇ ਪ੍ਰਭੂ ਚਾਹੇ ਤਾਂ ਉਹ ਬਾਹਰੋਂ ਚੰਗੇ ਦਿਸਣ ਵਾਲੇ ਨੂੰ ਤਾਂ ਕਿਤੇ ਰਿਹਾ, ਕਾਂ ਨੂੰ ਭੀ, ਅੰਦਰੋਂ ਗੰਦੇ ਆਵਰਨ ਵਾਲੇ ਨੂੰ ਵੀ ਉੱਜਲ-ਬੁੱਧ, ਹੰਸ ਬਣਾ ਦਂਦਾ ਹੈ।2।
ਪਉੜੀ ॥
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥20॥
ਜਿਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸ ਦੀ ਪੂਰਨਤਾ ਲਈ ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਗੁਰੂ ਦੀ ਸਿਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ। ਸੰਤਾਂ ਦੀ ਸੰਗਤ ਵਿਚ ਨਾਮ-ਖਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ। ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ, ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ, ਦਾਸ ਦੀ ਲਾਜ ਰੱਖ ਲੈ। ਹੇ ਨਾਨਕ, ਇਸ ਤਰ੍ਹਾਂ ਪ੍ਰਭੂ ਦੀ ਸਿਫਤ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ।20।
ਚੰਦੀ ਅਮਰ ਜੀਤ ਸਿੰਘ (ਚਲਦਾ)