ਗੁਰਬਾਣੀ ਦੀ ਸਰਲ ਵਿਆਖਿਆ ਭਾਗ(270) (92)
ਸਿਰੀਰਾਗੁ ਤ੍ਰਿਲੋਚਨ ਕਾ ॥
ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥
ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥1॥
ਹੇ ਪ੍ਰਾਣੀ, ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ ਜੋਰਾਂ ਵਿਚ ਹੈ, ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ। ਹੇ ਖੋਟੇ ਮਨੁੱਖ, ਤੂੰ ਆਪਣੇ ਪਰਿਵਾਰ ਨੂੰ ਵੇਖ ਕੇ ਕਿਉਂ ਖਿੜਦਾ ਹੈਂ ? ਜਿਵੇਂ ਕੌਲ-ਫੁਲ ਸੂਰਜ ਨੂ ਵੇਖ ਕੇ ਖਿੜਦਾ ਹੈ, ਤੂੰ ਪਰਾਏ ਘਰ ਤੱਕਦਾ ਫਿਰਦਾ ਹੈਂ।1।
ਦੂੜਾ ਆਇਓਹਿ ਜਮਹਿ ਤਣਾ ॥ ਤਿਨ ਆਗਲੜੈ ਮੈ ਰਹਣੁ ਨ ਜਾਇ ॥
ਕੋਈ ਕੋਈ ਸਾਜਣੁ ਆਇ ਕਹੈ ॥ ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥
ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥1॥ ਰਹਾਉ ॥
ਕੋਈ ਵਿਰਲਾ ਸੰਤ-ਜਨ ਜਗਤ ਵਿਚ ਆ ਕੇ ਇਉਂ ਬੇਨਤੀ ਕਰਦਾ ਹੈ, ਹੇ ਪ੍ਰਭੂ, ਮੈਨੂੰ ਮਿਲ, ਗਲਵੱਕੜੀ ਪਾ ਕੇ ਮਿਲ। ਹੇ ਮੇਰੇ ਰਾਮ, ਮੈਨੂੰ ਮਿਲ, ਮੈਨੂੰ ਮਾਇਆ ਦੇ ਮੋਹ ਤੋਂ ਛਡਾ ਲੈ, ਜਮਦੂਤ ਵਾਹੋ-ਦਾਹੀ ਆ ਰਹੇ ਹਨ, ਉਨ੍ਹਾਂ ਦੇ ਸਾਮ੍ਹਣੇ ਮੈਥੋਂ ਪਲ ਭਰ ਵੀ ਅਟਕਿਆ ਨਹੀਂ ਜਾ ਸਕੇਗਾ।1।ਰਹਾਉ)
ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥
ਮਾਇਆ ਮੂਠਾ ਚ ੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥2॥
ਹੇ ਪ੍ਰਾਣੀ, ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ, ਤੂੰ ਪ੍ਰਭੂ ਨੂੰ ਭੁਲਾ ਬੈਠਾ ਹੈਂ, ਤੂੰ ਸਮਝਦਾ ਹੈਂ ਕਿ ਇਸ ਸੰਸਾਰ- ਸਮੁੰਦਰ ਵਿਚ ਮੈਂ ਸਦਾ ਕਾਇਮ ਰਹਾਂਗਾ, ਮਾਇਆ ਦਾ ਠੱਗਿਆ ਹੋਇਆ ਤੂੰ ਪ੍ਰਭੂ ਨੂੰ ਨਹੀਂ ਸਿਮਰਦਾ। ਹੇ ਆਲਸੀ ਮਨੁੱਖ, ਤੂੰ ਆਪਣਾ ਦੁਲੱਭ ਜਨਮ ਅਜਾਈਂ ਗਵਾ ਲਿਆ ਹੈ।2।
ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥ ।
ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥3॥
ਹੇ ਪ੍ਰਾਣੀ, ਤੂੰ ਮਾਇਆ ਦੇ ਮੋਹ ਦੇ ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਿਹਾ ਹੈਂ, ਜਿੱਥੇ ਨਾ ਸੂਰਜ ਨੂੰ ਦਖਲ ਹੈ ਨਾ ਚੰਰਮਾ ਨੂੰ, ਜਿੱਥੇ ਤੈਨੂੰ ਨਾ ਦਿਨੇ ਸੁਰਤ ਆਉਂਦੀ ਹੈ, ਨਾ ਰਾਤ ਨੂੰ। ਜਿਵੇਂ ਮਰਨ ਵੇਲੇ ਸੰਸਾਰ ਨੂੰ ਛੱਡਣ ਲਗੋਂ, ਤਦੋਂ ਤਾਂ ਤੂੰ ਮਾਇਆ ਦਾ ਇਹ ਮੋਹ, ਵਸੋਂ ਬਾਹਰਾ ਹੋ ਕੇ ਛੱਡੇਂਗਾ ਹੀ, ਤਾਂ ਫਿਰ ਹੁਣੇ ਹੀ ਕਿਉਂ ਨਹੀਂ ਛੱਡਦਾ ?।3।
ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥
ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥4॥
ਕੋਈ ਵਿਰਲਾ ਸੰਤ-ਜਨ ਆਖਦਾ ਹੈ, ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ ਮਾਇਆ ਵਿਚ ਫਸੇ ਰਿਹਾਂ, ਧਰਮ-ਰਾਜ ਦਾ ਮੂੰਹ ਵੇਖਣਾ ਪਵੇਗਾ, ਓਥੇ ਜਮ-ਦੂਤ ਵੱਡੇ ਬਲਵਾਨਾਂ ਨੂੰ ਵੀ ਹੱਥਾਂ ਨਾਲ ਦਲ ਦੇਂਦੇ ਹਨ, ਮੈਥੋਂ ਉਨ੍ਹਾਂ ਅੱਗੇ ਕੋਈ ਹੀਲ- ਹੁੱਜਤ ਨਹੀਂ ਕੀਤੀ ਜਾ ਸਕੇਗੀ ।4।
ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥
ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥5॥2॥
ਹੇ ਨਾਰਾਇਣ, ਉਂਞ ਤਾਂ ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ ਜਦੋਂ ਕੋਈ ਗੁਰਮੁੱਖ ਮੈਨੂੰ ਸਿਖਿਆ ਦੇਂਦਾ ਹੈ, ਤਾਂ ਤੂੰ ਮੈਨੂੰ ਸਭ ਥਾਈਂ ਵਿਆਪਕ ਦਿਸਣ ਲੱਗ ਜਾਂਦਾ ਹੈਂ। ਹੇ ਰਾਮ ਜੀ, ਤੇਰੀਆਂ ਤੂੰ ਹੀ ਜਾਣੇਂ, ਮੇਰੇ ਤ੍ਰਿਲੋਚਨ ਦੀ ਇਹੀ ਬੇਨਤੀ ਹੈ।5।2।
ਭਾਵ:- ਜੀਵ ਮਾਇਆ ਦੇ ਮੋਹ ਵਿਚ ਨਕਾ-ਨਕ ਭਰੇ ਹੋਏ ਹਨ, ਕਿਸੇ ਨੂੰ ਨਾ ਮੌਤ ਚੇਤੇ ਹੈ ਨਾ ਪਰਮਾਤਮਾ। ਪਦਾਰਥਾਂ ਦੇ ਰਸਾਂ ਵਿਚ ਮਸਤ ਹੋਏ ਸਮਝਦੇ ਹਨ ਕਿ, ਅਸਾਂ ਕਦੇ ਮਰਨਾ ਹੀ ਨਹੀਂ, ਇਵੇਂ ਮਨੁੱਖਾ ਜਨਮ ਅਜਾਈਂ ਗਵਾ ਰਹੇ ਹਨ, ਇਹ ਖਿਆਲ ਨਹੀਂ ਆਉਂਦਾ ਕਿ ਇਕ ਦਿਨ ਇਹ ਜਗਤ ਛੱਡਣਾ ਹੀ ਪਵੇਗਾ ਤੇ ਇਸ ਬਦ-ਮਸਤੀ ਦੇ ਕਾਰਨ, ਜਮਾਂ ਦਾ ਦੰਡ ਸਹਿਣਾ ਹੀ ਪਵੇਗਾ। ਪਰ ਹਾਂ ਕੋਈ ਵਿਰਲੇ ਵਿਰਲੇ, ਭਾਗਾਂ ਵਾਲੇ ਹਨ ਜੋ ਇਸ ਅੰਤ ਸਮੇ ਨੂੰ ਚੇਤੇ ਰੱਖ ਕੇ ਪ੍ਰਭੂ ਦੇ ਦਰ ਤੇ ਅਰਜ਼ੋਈ ਕਰਦੇ ਹਨ ਤੇ ਉਸ ਨੂੰ ਮਿਲਣ ਲਈ ਤਾਂਘਦੇ ਹਨ।
ਚੰਦੀ ਅਮਰ ਜੀਤ ਸਿੰਘ (ਚਲਦਾ)