ਗੁਰਬਾਣੀ ਦੀ ਸਰਲ ਵਿਆਖਿਆ ਭਾਗ(271)
ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥
ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥
ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥1॥
ਹੇ ਪੰਡਿਤ, ਉਸ ਅਸਚਰਜ ਪ੍ਰਭੂ ਦਾ ਇਕ ਕੌਤਕ ਸੁਣੋ, ਜੋ ਮੇਰੇ ਨਾਲ ਵਰਤਿਆ ਹੈ ਤੇ ਐਸ ਵੇਲੇ, ਜਿਉਂ ਦਾ ਤਿਉਂ ਕਿਹਾ ਨਹੀਂ ਜਾ ਸਕਦਾ। ਉਸ ਪ੍ਰਭੂ ਨੇ ਸਾਰੇ ਜਗਤ ਨੂੰ ਮਾਇਆ ਦੀ ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਬਾਂ ਨੂੰ ਮੋਹ ਲਿਆ ਹੋਇਆ ਹੈ।1।
ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥
ਜਾ ਕੀ ਦਿਸਟਿ ਨਾਦ ਲਿਵ ਲਾਗੈ ॥1॥ ਰਹਾਉ ॥
ਉਹ ਅਸਚਰਜ ਕੌਤਕ ਇਹ ਹੈ ਕਿ, ਜਿਸ ਪ੍ਰਕਾਸ਼ ਰੂਪ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸ਼ਬਦ ਵਿਚ ਲਿਵ ਲਗਦੀ ਹੈ, ਉਸ ਪ੍ਰਭੂ ਦੀ ਮੇਰੇ ਅੰਦਰ ਇਕ-ਰਸ ਤਾਰ ਵੱਜ ਰਹੀ ਹੈ।1।ਰਹਾਉ।
ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥
ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥2॥
ਮੇਰਾ ਦਿਮਾਗ ਭੱਠੀ ਬਣਿਆ ਪਿਆ ਹੈ, ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ, ਮੰਦੇ ਕਰਮਾਂ ਵਲੋਂ ਸੰਕੋਚ, ਮਾਨੋ ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ। ਗੁਣਾਂ ਨੂੰ ਗ੍ਰਹਿਣ ਕਰਨਾ, ਮਾਨੋ ਨਾਮ ਰੂਪ ਸ਼ਰਾਬ ਕੱਢਣ ਵਾਲੀ ਨਾਲ ਹੈ, ਤੇ ਸ਼ੁੱਧ ਹਿਰਦਾ ਮਾਨੋ, ਸੋਨੇ ਦਾ
ਮੱਟ ਹੈ, ਹੁਣ ਮੈਂ ਇਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਮੇਰੇ ਸ਼ੁੱਧ ਹਿਰਦੇ ਵਿਚ ਨਾਮ-ਅੰਮ੍ਰਿਤ ਦੀ ਬੜੀ ਸਾਫ ਧਾਰ ਚੋ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਸੁਆਦਲਾ ਨਾਮ ਰੱਸ ਖਿਚਿਆ ਜਾ ਰਿਹਾ ਹੈ।2।
ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥
ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥3॥
ਇਕ ਹੋਰ ਸੁਆਦਲੀ ਗੱਲ ਬਣ ਗਈ ਹੈ, ਉਹ ਇਹ ਕਿ ਮੈਂ ਸੁਆਸਾਂ ਨੂੰ ਨਾਮ-ਅੰਮ੍ਰਿਤ ਪੀਣ ਲਈ ਪਿਆਲਾ ਬਣਾ ਲਿਆ ਹੈ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ, ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ ਦਿਸ ਰਿਹਾ ਹੈ। ਹੇ ਪੰਡਿਤ, ਮੈਨੂੰ ਦੱਸ ਕਿ, ਉਸ ਨਾਲੋਂ ਹੋਰ ਕੌਣ ਵੱਡਾ ਹੋ ਸਕਦਾ ਹੈ ? ।3।
ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥
ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥4॥3॥
ਇਸ ਤਰ੍ਹਾਂ, ਉੱਪਰ ਦੱਸੇ ਅਨੁਸਾਰ ਉਸ ਪ੍ਰਭੂ ਦੀ ਪਛਾਣ ਮੇਰੇ ਅੰਦਰ ਪ੍ਰਗਟ ਹੋ ਗਈ ਹੈ। ਪ੍ਰਭੂ ਦੇ ਪਿਆਰ ਵਿਚ ਰੱਤੇ ਹੋਏ ਹੇ ਕਬੀਰ, ਹੁਣ ਆਖ ਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ, ਪਰ ਪ੍ਰਭੂ ਦੀ ਮਿਹਰ ਨਾਲ ਮੇਰਾ ਮਨ, ਰਸਾਂ ਦੇ ਸੋਮੇ, ਪ੍ਰਭੂ ਵਿਚ ਮਸਤ ਹੋਇਆ ਪਿਆ ਹੈ।4।3।
ਭਾਵ:- ਗੁਰੂ ਦੇ ਸ਼ਬਦ ਵਿਚ ਜੁੜਨ ਨਾਲ, ਮਨ ਵਿਚ ਪ੍ਰਭੂ ਦੇ ਮਿਲਾਪ ਦੀ ਤਾਰ ਵੱਜਣ ਲੱਗ ਪੈਂਦੀ ਹੈ, ਉਸ ਸੁਆਦ ਦਾ ਅਸਲ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰ ਦਿਮਾਗ ਤੇ ਹਿਰਦਾ ਓਸੇ ਦੇ ਸਿਮਰਨ ਤੇ ਪਿਆਰ ਵਿਚ ਭਿੱਜੇ ਰਹਿੰਦੇ ਹਨ, ਸੁਆਸ- ਸੁਆਸ ਯਾਦ ਵਿਚ ਬੀਤਦਾ ਹੈ, ਸਾਰੇ ਜਗਤ ਵਿਚ ਪ੍ਰਭੂ ਹੀ ਸਭ ਤੋਂ ਵੱਡਾ ਦਿਸਦਾ ਹੈ, ਸਿਰਫ ਉਸ ਦੈ ਪਿਆਰ ਵਿਚ ਹੀ ਮਨ ਮਸਤ ਰਹਿੰਦਾ ਹੈ।
ਚੰਦੀ ਅਮਰ ਜੀਤ ਸਿੰਘ (ਚਲਦਾ)