ਗੁਰਬਾਣੀ ਦੀ ਸਰਲ ਵਿਆਖਿਆ ਭਾਗ(273)
ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥
ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥
ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥
ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥4॥
ਤੇਰੇ ਕੇਸ, ਚਿੱਟੇ ਕੌਲ ਫੁਲ ਤੋਂ ਵੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ ਡਾਢੀ ਮੱਧਮ ਹੋ ਗਈ ਹੈ, ਮਾਨੋ ਸਤਵੇਂ ਪਾਤਾਲ ਤੋਂ ਆਉਂਦੀ ਹੈ। ਤੇਰੀਆਂ ਅੱਖਾਂ ਸਿੱਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ, ਤਾਂ ਵੀ ਕਾਮ ਦੀ ਮਧਾਣੀ ਤੇਰੇ ਅੰਦਰ ਪੈ ਰਹੀ ਹੈ, ਅਜੇ ਵੀ ਕਾਮ ਦੀਆਂ ਵਾਸਨਾਂ ਜ਼ੋਰਾਂ ਵਿਚ ਹਨ। ਇਨ੍ਹਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ-ਫੁਲ ਮੁਰਝਾ ਗਿਆ ਹੈ। ਜਗਤ ਵਿਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ, ਸਮਾ ਵਿਹਾ ਜਾਣ ਤੋਂ ਪਿੱਛੋਂ ਹੱਥ ਮਲੇਂਗਾ ।4।
ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥
ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਿਨ ਨ ਸੁਖਾਈ ॥
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥5॥
ਨਿੱਕੇ ਨਿੱਕੇ ਬਾਲ, ਪੁਤਰ-ਪੋਤਰੇ ਵੇਖ ਕੇ ਮਨੁੱਖ ਦੇ ਮਨ ਵਿਚ ਉਨ੍ਹਾਂ ਲਈ ਮੋਹ ਪੈਦਾ ਹੁੰਦਾ ਹੈ, ਹੰਕਾਰ ਕਰਦਾ ਹੈ, ਪਰ ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਭ-ਕੁਝ ਛੱਡ ਜਾਣਾ ਹੈ। ਅੱਖਾਂ ਤੋਂ ਦਿਸਣੋਂ ਰਹਿ ਜਾਂਦਾ ਹੈ, ਫਿਰ ਵੀ ਮਨੁੱਖ ਹੋਰ ਜੀਉਣ ਲਈ ਲਾਲਚ ਕਰਦਾ ਹੈ। ਆਖਰ ਸਰੀਰ ਦਾ ਬਲ ਮੁੱਕ ਜਾਂਦਾ ਹੈ, ਤੇ ਜਦੋਂ ਜੀਵ-ਪੰਛੀ ਸਰੀਰ ਵਿਚੋਂ ਉੱਡ ਜਾਂਦਾ ਹੈ ਤਦੋਂ ਮੁਰਦਾ
ਦੇਹ ਘਰ ਵਿਚ, ਵੇਹੜੇ ਵਿਚ ਪਈ ਹੋਈ ਚੰਗੀ ਨਹੀਂ ਲੱਗਦੀ।
ਬੇਣੀ ਆਖਦਾ ਹੈ, ਹੇ ਸੰਤ-ਜਨੋ, ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਜੀਊਂਦਿਆਂ ਕਿਸੇ ਵੇਲੇ ਵੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾ ਹੋਇਆ ਤਾਂ ਇਹ ਸੱਚ ਜਾਣੋ ਕਿ ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਣੀ।5।
ਭਾਵ:-ਜਗਤ ਦੀ ਮਾਇਆ ਵਿਚ ਫਸ ਕੇ ਜੀਵ, ਪ੍ਰਭੂ ਦੀ ਯਾਦ ਭੁੱਲ ਜਾਂਦਾ ਹੈ, ਸਾਰੀ ਉਮਰ ਵਿਕਾਰਾਂ ਵਿਚ ਹੀ ਗੁਜ਼ਾਰਦਾ ਹੈ।
ਬੁਢੇਪੇ ਵਿਚ ਸਾਰੇ ਅੰਗ ਕਮਜ਼ੋਰ ਹੋ ਜਾਣ ਤੇ ਵੀ ਹੋਰ ਹੋਰ ਜੀਊਣ ਦੀ ਲਾਲਸਾ ਕਰੀ ਜਾਂਦਾ ਹੈ, ਪਰ ਪ੍ਰਭੂ ਦੀ ਯਾਦ ਵੱਲ ਫਿਰ ਵੀ ਨਹੀਂ ਪਰਤਦਾ। ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ।
ਚੰਦੀ ਅਮਰ ਜੀਤ ਸਿੰਘ (ਚਲਦਾ)