ਗੁਰਬਾਣੀ ਦੀ ਸਰਲ ਵਿਆਖਿਆ ਭਾਗ(275)
ਰਾਗੁ ਮਾਝ ਚਉਪਦੇ ਘਰੁ 1 ਮਹਲਾ 4
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ੴ ਸੰਸਾਰ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ ਅਤੇ ਖਤਮ ਕਰਨ ਵਾਲਾ ਇਕ ਪਰਮਾਤਮਾ ਹੈ, ਉਸ ਦਾ ਕੋਈ ਭਾਈਵਾਲ
ਨਹੀਂ, ਕੋਈ ਸਲਾਹਕਾਰ ਨਹੀਂ, ਕੋਈ ਕਾਰਿੰਦਾ ਨਹੀਂ, ਉਹ ਦੁਨੀਆ ਦੇ ਕਣ ਕਣ ਵਿਚ ਵੱਸ ਰਿਹਾ ਹੈ। ਜੋ ਵੀ ਦਿਸਦਾ ਸੰਸਾਰ ਹੈ, ਇਹ ਸਭ ਉਸ ਦੀ ਕੁਦਰਤ ਹੈ, ਪਰਮਾਤਮਾ ਨੂੰ ਉਸ ਦੀ ਕੁਦਰਤ ਵਿਚੋਂ ਅਨੇਕਾਂ ਰੂਪਾਂ ਵਿਚ ਵੇਖਿਆ ਜਾ ਸਕਦਾ ਹੈ, ਗੁਰਬਾਣੀ
ਦੀ ਸੇਧ ਹੈ, " ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥ (141) ਸਾਰੀ ਕੁਦਰਤ ਉਸ ਪ੍ਰਭੂ ਦਾ ਆਪਣਾ ਆਕਾਰ ਹੀ ਹੈ।
ਇਸ ਤੋਂ ਅੱਗੇ ਅੱਖਰ ਹੈ "ਸਤਿ" (ਸਦਾ ਕਾਇਮ ਰਹਣ ਵਾਲਾ) ਇਹ ਇਕ ਬੰਨੇ ਪਰਮਾਤਮਾ ਅਤੇ ਉਸ ਦੀ ਕੁਦਰਤ ਨਾਲ
ਲਗਦਾ ਹੈ, ਦੂਸਰੇ ਪਾਸੇ ਉਸ ਦੇ ਨਾਮ ਨਾਲ ਲਗਦਾ ਹੈ, ਜਿਸ ਦਾ ਅਰਥ ਹੈ, ਪਰਮਾਤਮਾ, ਉਸ ਦੀ ਕੁਦਰਤ, ਉਸ ਦਾ ਨਾਮ (ਉਸ ਦਾ ਹੁਕਮ, ਉਸ ਦੀ ਰਜ਼ਾ), ਪਰਮਾਤਮਾ, ਉਸ ਦਾ ਆਕਾਰ, ਉਸ ਦਾ ਨਾਮ, ਇਹ ਤਿੰਨੇ ਚੀਜ਼ਾਂ ਅਕਾਲ ਨੇ, ਸਮੇ ਦੇ ਗੇੜ ਤੋਂ ਬਾਹਰ ਨੇ, ਹਮੇਸ਼ਾ ਕਾਇਮ ਰਹਣ ਵਾਲੀਆਂ ਹਨ। ਬਾਕੀ ਸਾਰੀਆਂ ਚੀਜ਼ਾਂ ਪਰਮਾਤਮਾ ਵਲੋਂ ਸੰਸਾਰ ਪੈਦਾ ਕਰਨ ਅਤੇ ਉਸ ਨੂੰ ਸੰਕੋਚਣ ਵਚਾਲੇ ਹੀ ਰਹਿੰਦੀਆਂ ਹਨ। "ਕਰਤਾ-ਪੁਰਖੁ" ਉਹ ਸ੍ਰਿਸ਼ਟੀ ਦਾ ਰਚਣ-ਹਾਰ ਹੈ ਅਤੇ ਉਸ ਦੇ ਕਣ ਕਣ ਵਿਚ ਵਿਆਪਕ ਹੈ। ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਜਿਸ ਦਾ ਸਰੂਪ ਸਮੇ ਦੇ ਗੇੜ ਤੋਂ ਬਾਹਰ ਹੈ, ਜਿਸ ਦਾ ਸਰੂਪ ਅਵਿਨਾਸ਼ੀ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ-ਆਪ ਤੋਂ ਹੈ। ਇਹ ਹੈ ਪਰਮਾਤਮਾ ਦੀ ਪਛਾਣ, ਜੋ ਇਨ੍ਹਾਂ ਸਾਰੇ ਗੁਣਾਂ ਵਾਲਾ ਹੋਵੇ, ਤੁਸੀਂ ਉਸ ਦਾ ਸਿਮਰਨ ਕਰਨਾ ਹੈ। ਜਿਸ ਵਿਚ ਇਹ ਸਾਰੇ ਗੁਣ ਨਾ ਹੋਣ, ਉਹ ਭੇਖੀ ਹੈ, ਉਸ ਤੋਂ ਬਚ ਕੇ ਰਹਿਣਾ ਹੈ। ਨਾਨਕ ਜੋਤ ਇਹ ਕਹਿੰਦੀ ਹੈ ਕਿ ਇਹ ਸੋਝੀ ਮੈਨੂੰ, ਸ਼ਬਦ ਗੁਰੂ ਦੀ ਮਿਹਰ ਸਦਕਾ ਹੋਈ ਹੈ।
(ਕੀ ਕੋਈ ਅਜਿਹਾ ਸਿੱਖ ਹੈ ਜੋ ਨਾਨਕ ਜੋਤ ਦੇ ਇਸ ਮੁੱਢਲੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੋਵੇ ?)
ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥ ਵਡਭਾਗੀ ਹਰਿ ਨਾਮੁ ਧਿਆਇਆ ॥
ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥1॥
ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਪਰਮਾਤਮਾ ਦੀ ਰਜ਼ਾ ਮੈਨੂੰ ਮਨ ਵਿਚ ਪਿਆਰੀ ਲਗਦੀ ਹੈ। ਵੱਡੇ ਭਾਗਾਂ ਨਾਲ ਹੀ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ। ਪਰਮਾਤਮਾ ਦਾ ਨਾਮ ਸਿਮਰਨ ਦੀ ਇਹ ਕਾਮਯਾਬੀ ਮੈਂ ਪੂਰੇ ਗੁਰੂ, ਸ਼ਬਦ ਗੁਰੂ ਦੀ ਰਾਹੀਂ ਹਾਸਲ ਕੀਤੀ ਹੈ। ਜਿਸ ਉੱਤੇ ਗੁਰੂ ਦੀ ਮਿਹਰ ਹੋਵੇ ਉਸ ਨੂੰ ਇਹ ਦਾਤ ਮਿਲਦੀ ਹੈ, ਕੋਈ ਵਿਰਲਾ ਵਡਭਾਗੀ, ਗੁਰੂ ਦੀ ਮੱਤ ਉੱਤੇ ਤੁਰਦਾ ਹੈ ਤੇ ਨਾਮ ਸਿਮਰਦਾ ਹੈ।1।
ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥ ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ ॥2॥
ਸ਼ਬਦ ਗੁਰੂ ਦੀ ਮਿਹਰ ਸਦਕਾ ਮੈਂ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਹੁਕਮ ਆਪਣੇ ਜੀਵਨ ਸਫਰ ਲਈ ਪੱਲੇ ਬੰਨ੍ਹ ਲਿਆ ਹੈ। ਇਹ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ, ਹੁਣ ਇਹ ਸਦਾ ਮੇਰੇ ਨਾਲ ਰਹਿੰਦਾ ਹੈ, ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ। ਪੂਰੇ ਗੁਰੂ ਨੇ ਇਹ ਹਰਿ-ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਕੇ ਟਿਕਾ ਦਿੱਤਾ ਹੈ।2।
ਹਰਿ ਹਰਿ ਸਜਣ ਮੇਰਾ ਪ੍ਰੀਤਮੁ ਰਾਇਆ ॥ ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥
ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥3॥
ਪ੍ਰਭੂ ਹੀ ਮੇਰਾ ਅਸਲ ਸੱਜਣ ਹੈ, ਪ੍ਰਭੂ ਹੀ ਮੇਰਾ ਪ੍ਰੀਤਮ ਪਾਤਸ਼ਾਹ ਹੈ, ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ। ਮੇਰੀ ਹਰ ਵੇਲੇ ਇਹੀ ਤਾਂਙ ਬਣੀ ਰਹਿੰਦੀ ਹੈ ਕਿ ਕੋਈ ਗੁਰਮੁਖ, ਉਸ ਪ੍ਰੀਤਮ ਨੂੰ ਲਿਆ ਕੇ ਮੈਨੂੰ ਮਿਲਾ ਦੇਵੇ। ਹੇ ਮੇਰੇ ਪ੍ਰੀਤਮ-ਪ੍ਰਭੂ, ਮੈਂ ਤੈਨੂੰ ਵੇਖੇ ਬਿਨਾ ਰਹਿ ਨਹੀਂ ਸਕਦਾ, ਤੇਰੇ ਵਿਛੋੜੇ ਵਿਚ ਮੇਰੀਆਂ ਅੱਖਾਂ ਵਿਚੋਂ ਬਿਰਹੋਂ ਦਾ ਪਾਣੀ ਇਕ-ਰਸ ਚੱਲ ਪੈਂਦਾ ਹੈ।3।
ਸਤਿਗੁਰ ਮਿਤ੍ਰ ਮੇਰਾ ਬਾਲ ਸਖਾਈ ॥ ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥
ਹਰਿ ਜੀਉ ਕ੍ਰਿਪਾ ਕਰਹੁ ਗੁਰ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥4॥1॥
ਹੇ ਮੇਰੀ ਮਾਂ ਸ਼ਬਦ ਗੁਰੂ ਮੇਰਾ ਅਜਿਹਾ ਮਿਤ੍ਰ ਹੈ, ਜਿਵੇਂ ਬਚਪਨ ਦਾ ਸਾਥੀ ਹੈ, ਮੈਂ ਗੁਰੂ ਨੂੰ ਵੇਖੇ ਬਗੈਰ ਰਹਿ ਨਹੀਂ ਸਕਦਾ, ਮੈਨੂੰ ਧੀਰਜ ਨਹੀਂ ਆਉਂਦੀ। ਹੇ ਦਾਸ ਨਾਨਕ, ਆਖ, ਹੇ ਪ੍ਰਭੂ ਜੀ, ਜਿਸ ਉੱਤੇ ਤੁਸੀਂ ਕਿਰਪਾ ਕਰਦੇ ਹੋ, ਉਸ ਨੂੰ ਗੁਰੂ ਮਿਲਾਂਦੇ ਹੋ, ਤੇ ਉਸ ਦੇ ਪੱਲੇ ਹਰਿ-ਨਾਮ ਧਨ ਇਕੱਠਾ ਹੋ ਜਾਂਦਾ ਹੈ।4।1।
ਚੰਦੀ ਅਮਰ ਜੀਤ ਸਿੰਘ (ਚਲਦਾ)