ਗੁਰਬਾਣੀ ਦੀ ਸਰਲ ਵਿਆਖਿਆ ਭਾਗ(276)
ਮਾਝ ਮਹਲਾ 4 ॥
ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥ ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥
ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥1॥
ਪਰਮਾਤਮਾ ਮੇਰੇ ਮਨ ਦਾ ਆਸਰਾ ਹੈ, ਮੇਰੇ ਸਰੀਰ ਦੇ ਗਿਆਨ ਇੰਦਰਿਆਂ ਦਾ ਆਸਰਾ ਹੈ। ਪਰਮਾਤਮਾ ਤੋਂ ਬਿਨਾ ਹੋਰ ਕਿਸੇ ਨੂੰ ਮੈਂ ਜੀਵਨ-ਆਸਰਾ ਨਹੀਂ ਸਮਝਦਾ। ਮੇਰੇ ਵੱਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਵੇ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ।1।
ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥
ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥2॥
ਹੇ ਮੇਰੀ ਮਾਂ, ਇਸ ਲਈ ਕਿ ਕਿਵੇਂ ਮੈਨੂੰ ਪਿਆਰਾ ਪ੍ਰੀਤਮ-ਪ੍ਰਭੂ ਮਿਲ ਪਵੇ, ਮੈਂ ਭਾਲ ਕਰ ਕੇ ਤੇ ਭਾਲ ਕਰਾ ਕੇ ਆਪਣਾ ਮਨ ਖੋਜਦਾ ਹਾਂ, ਆਪਣਾ ਸਰੀਰ ਖੋਜਦਾ ਹਾਂ। ਸਾਧ-ਸੰਗਤ ਵਿਚ ਵੀ ਮਿਲ ਕੇ, ਉਸ ਪ੍ਰੀਤਮ ਦਾ ਪਤਾ ਪੁੱਛਦਾ ਹਾਂ, ਕਿਉਂਕਿ ਉਹ ਹਰਿ-ਪ੍ਰਭੂ ਸਾਧ-ਸੰਗਤ ਵਿਚ ਵੱਸਦਾ ਹੈ।2।
ਮੇਰਾ ਪਿਆਰਾ ਪ੍ਰੀਤਮੁ ਸਤਿਗੁਰ ਰਖਵਾਲਾ ॥ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥
ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥3॥
ਹੇ ਪ੍ਰਭੂ, ਅਸੀਂ ਤੇਰੇ ਗਿਆਨ-ਹੀਣ ਬੱਚੇ ਹਾਂ, ਸਾਡੀ ਰੱਖਿਆ ਕਰ। ਹੇ ਪ੍ਰਭੂ, ਮੈਨੂੰ ਪਿਆਰਾ ਪ੍ਰੀਤਮ ਗੁਰੂ ਮਿਲਾ, ਉਹੀ ਮੇਰੀ ਵਿਕਾਰਾਂ ਤੋਂ ਰਾਖੀ ਕਰਨ ਵਾਲਾ ਹੈ। ਪੂਰਾ ਗੁਰੂ ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ ਮੈਨੂੰ ਮੇਰੀ ਮਾਂ ਤੇ ਮੇਰਾ ਪਿਉ ਹੈ, ਜਿਵੇਂ ਪਾਣੀ ਨੂੰ ਮਿਲ ਕੇ ਕੌਲ-ਫੁਲ ਖਿੜਦਾ ਹੈ, ਤਿਵੇਂ ਹੀ ਗੁਰੂ ਨੂੰ ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ।3।
ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥ ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥
ਹਰਿ ਹਰਿ ਦਇਆ ਕਰਹੁ ਗੁਰ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥4॥2॥
ਹੇ ਹਰੀ, ਗੁਰੂ ਤੋਂ ਗਿਆਨ ਲਏ ਬਗੈਰ ਮੇਰੇ ਮਨ ਨੂੰ ਸ਼ਾਨਤੀ ਨਹੀਂ ਆਉਂਦੀ। ਗੁਰੂ ਤੋਂ ਵਿਛੋੜਾ, ਇਕ ਅਜਿਹੀ ਪੀੜਾ ਹੈ ਜੋ ਸਦਾ ਮੇਰੇ ਮਨ ਵਿਚ, ਮੇਰੇ ਤਨ ਵਿਚ ਲੱਗੀ ਰਹਿੰਦੀ ਹੈ। ਹੇ ਪ੍ਰਭੂ ਮੇਰੇ ੳੱਤੇ ਮਿਹਰ ਕਰ, ਮੈਨੂੰ ਗੁਰੂ ਮਿਲਾ ।
ਹੇ ਦਾਸ ਨਾਨਕ, ਆਖ, ਗੁਰੂ ਨੂੰ ਮਿਲ ਕੇ ਮਨ ਖਿੜ ਪੈਂਦਾ ਹੈ ।4।2।
ਚੰਦੀ ਅਮਰ ਜੀਤ ਸਿੰਘ (ਚਲਦਾ)