ਗੁਰਬਾਣੀ ਦੀ ਸਰਲ ਵਿਆਖਿਆ ਭਾਗ(277)
ਮਾਝ ਮਹਲਾ 4 ॥
ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥
ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥1॥
ਹੇ ਸਤ-ਸੰਗੀ ਮਿਤ੍ਰ ਆਉ ਰਲ ਕੇ ਅਸੀਂ ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ, ਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਦੇ ਰਹੀਏ। ਸਾਧ-ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫਤ-ਸਾਲਾਹ ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਜਿਸ ਤੋਂ ਪਾਰ ਲੰਘਣਾ ਪ੍ਰਭੂ ਦੀ ਸਿਫਤ-ਸਾਲਾਹ ਤੋਂ ਬਿਨਾ ਬੜਾ ਔਖਾ ਹੈ।1।
ਆਉ ਸਖੀ ਹਰਿ ਮੇਲੁ ਕਰੇਹਾ ॥ ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥
ਮੇਰਾ ਮਿਤ੍ਰ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥2॥
ਹੇ ਸਤ-ਸੰਗੀ ਮਿਤ੍ਰ, ਆਉ ਪਰਮਾਤਮਾ ਦੀ ਪ੍ਰਾਪਤੀ ਵਾਲਾ ਸਤ-ਸੰਗ ਬਣਾਈਏ। ਜਿਹੜਾ ਗੁਰਮੁਖ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ, ਮੈਨੂੰ ਪਰਮਾਤਮਾ ਦਾ ਥਹੁ-ਪਤਾ ਦੱਸੇ, ਉਹੀ ਮੇਰਾ ਮਿਤ੍ਰ ਹੈ, ਮੇਰਾ ਸਾਥੀ ਹੈ, ਮੇਰਾ ਸੱਜਣ ਹੈ, ਮੇਰਾ ਭਰਾ ਹੈ।2।
ਮੇਰੀ ਬੇਦਨ ਹਰਿ ਗੁਰ ਪੂਰਾ ਜਾਣੈ ॥ ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥
ਮੈ ਅਉਖਧੁ ਮੰਤ੍ਰ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥3॥
ਹੇ ਸਤ-ਸੰਗੀ ਮਿਤ੍ਰ, ਪਰਮਾਤਮਾ ਦਾ ਰੂਪ, ਪੂਰਾ ਗੁਰੂ ਹੀ ਮੇਰੀ ਪੀੜਾ ਜਾਣਦਾ ਹੈ ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦਾ। ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ, ਹੇ ਪੂਰੇ ਗੁਰੂ, ਮੈਨੂੰ ਆਪਣਾ ਉਪਦੇਸ਼ ਦੇਹ, ਇਹੀ ਦਵਾਈ ਹੈ ਜੋ ਮੇਰੀ ਪੀੜਾ ਦੂਰ ਕਰ ਸਕਦੀ ਹੈ। ਹੇ ਪੂਰੇ ਗੁਰੂ, ਮੈਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਕੇ, ਸੰਸਾਰ-ਸਮੁੰਦਰ ਤੋਂ ਪਾਰ ਲੰਘਾ।3।
ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥ ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥
ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥4॥3॥
ਹੇ ਦਾਸ ਨਾਨਕ ਆਖ, ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ। ਗੁਰੂ ਦੀ ਕ੍ਰਿਪਾ ਨਾਲ ਅਸਾਂ ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ। ਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ, ਜਿਵੇਂ ਪਾਣੀ ਤੋਂ ਬਿਨਾ, ਮੱਛੀ ਮਰ ਜਾਂਦੀ ਹੈ ।4।3।
ਚੰਦੀ ਅਮਰ ਜੀਤ ਸਿੰਘ (ਚਲਦਾ)