ਗੁਰਬਾਣੀ ਦੀ ਸਰਲ ਵਿਆਖਿਆ ਭਾਗ(281)
ਮਾਝ ਮਹਲਾ 4 ॥
ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥ ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥1॥
ਹੇ ਪਿਆਰੀ ਭੈਣੋ, ਸੰਤ-ਜਨੋ, ਸਤ-ਸੰਗੀਉ, ਤੁਸੀਂ ਆਵੋ ਤੇ ਰਲ ਕੇ ਬੈਠੋ। ਜਿਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਵੇਗੀ, ਮੈਂ ਉਸ ਤੋਂ ਸਦਕੇ ਜਾਵਾਂਗੀ। ਸਾਧ-ਸੰਗਤ ਵਿਚ ਮਿਲ ਕੇ ਸ਼ਬਦ ਗੁਰੂ ਦੀ ਰਾਹੀਂ ਮੈਂ ਸੱਜਣ-ਪ੍ਰਭੂ ਲੱਭਾ ਹੈ, ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ।1।
ਜਹ ਜਹ ਦੇਖਾ ਤਹ ਤਹ ਸੁਆਮੀ ॥ ਤੂ ਘਟਿ ਘਟਿ ਰਵਿਆ ਅੰਤਰਜਾਮੀ ॥
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥2॥
ਹੇ ਸਵਾਮੀ, ਮੈਂ ਜਿੱਧਰ-ਜਿੱਧਰ ਵੇਖਦਾ ਹਾਂ, ਓਧਰ ਓਧਰ ਹੀ ਤੂੰ ਹੈਂ। ਹੇ ਅੰਤਰਜਾਮੀ, ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ। ਮੈਂ ਪੂਰੇ ਗੁਰੂ, ਸ਼ਬਦ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਪੂਰੇ ਗੁਰੂ ਨੇ ਮੈਨੂੰ ਪ੍ਰਭੂ, ਮੇਰੇ ਨਾਲ ਵਸਦਾ ਦਿਖਾ ਦਿੱਤਾ ਹੈ।2।
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥3॥
ਹੇ ਭਾਈ, ਸਾਰੇ ਸਰੀਰਾਂ ਵਿਚ ਇਕੋ ਹੀ ਹਵਾ ਤੱਤ (ਸਾਹ) ਹੈ, ਮਿੱਟੀ ਵੀ ਇਕੋ ਹੀ, ਸਾਰੇ ਸਰੀਰਾਂ ਦਾ ਤੱਤ ਹੈ, ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤ ਕੰਮ ਕਰ ਰਹੀ ਹੈ। ਵੱਖ ਵੱਖ ਦਿਸਦੇ ਹਰੇਕ ਸਰੀਰ ਵਿਚ ਇਕੋ ਜੋਤ ਹੈ, ਪਰ ਮਾਇਆ ਵੇੜ੍ਹੇ ਜੀਵਾਂ ਨੂੰ ਕਿਸੇ ਦੀ ਜੋਤ, ਦੂਜੇ ਦੀ ਜੋਤ ਨਾਲ ਰਲਾਇਆਂ, ਰਲਦੀ ਨਹੀਂ ਦਿਸਦੀ, ਜੋਤ ਸਾਂਝੀ ਨਹੀਂ ਜਾਪਦੀ। ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿਸ ਪਿਆ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ।3।
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥
ਉਪਦੇਸੁ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰਉਪਕਾਰੀਆ ਜੀਉ ॥4॥7॥
ਦਾਸ ਨਾਨਕ, ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ ਸਦਾ ਉਚਾਰਦਾ ਹੈ। ਗੁਰੂ ਦੇ ਸਿੱਖਾਂ ਦੇ ਮਨ ਵਿਚ ਇਹ ਬਾਣੀ ਪਿਆਰੀ ਲਗਦੀ ਹੈ, ਮਿੱਠੀ ਲਗਦੀ ਹੈ। ਪੂਰਾ ਗੁਰੂ, ਸ਼ਬਦ ਗੁਰੂ ਇਹੀ ਉਪਦੇਸ਼ ਕਰਦਾ ਹੈ ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਦੀ ਜੋਤ ਹੀ ਵਰਤ ਰਹੀ ਹੈ। ਪੂਰਾ ਗੁਰੂ, ਹੋਰਨਾਂ ਦਾ ਭਲਾ ਕਰਨ ਵਾਲਾ ਹੈ।4।7।
ਸਤ ਚਉਪਦੇ ਮਹਲੇ ਚਉਥੇ ਕੇ ॥
ਚੰਦੀ ਅਮਰ ਜੀਤ ਸਿੰਘ (ਚਲਦਾ)