ਗੁਰਬਾਣੀ ਦੀ ਸਰਲ ਵਿਆਖਿਆ ਭਾਗ(283)
ਰਾਗੁ ਮਾਝ ਮਹਲਾ 5 ॥
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥ ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥
ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥1॥
ਹੇ ਸਭ ਜੀਵਾਂ ਦੇ ਦਾਤੇ, ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾਂ ਮੈਨੂੰ ਸੁਖਦਾਈ ਜਾਪਦਾ ਹੈ, ਇਹੀ ਅੰਮ੍ਰਿਤ-ਵੇਲਾ ਹੈ। ਹੇ ਪ੍ਰਭੂ ਜਿਹੜਾ ਕੰਮ ਮੈ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ। ਹੇ ਦਾਤਾਰ, ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਡਾ-ਠਾਰ ਰਹਿੰਦਾ ਹੈ।1।
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ ਨਉ ਨਿਧਿ ਤੇਰੈ ਅਖੁਟ ਭੰਡਾਰਾ ॥
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥2॥
ਹੇ ਦਾਤਾਰ, ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ ਤੇ ਸਭ ਨੂੰ ਹੀ ਦਾਤਾਂ ਬਖਸ਼ਦਾ ਹੈਂ। ਤੇਰੇ ਘਰ ਵਿਚ ਜਗਤ ਦੇ ਸਾਰੇ ਨੌਂ ਹੀ ਖਜ਼ਾਨੇ ਮੌਜੂਦ ਹਨ, ਤੇਰੇ ਖਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ। ਪਰ ਜਿਸ ਨੂੰ ਤੂੰ ਆਪਣੇ ਨਾਮ ਦੀ ਦਾਤ ਦੇਂਦਾ ਹੈਂ, ਉਹ
ਦੁਨੀਆਂ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ ਹੇ ਪ੍ਰਭੂ, ਉਹੀ ਤੇਰਾ ਭਗਤ ਅਖਵਾ ਸਕਦਾ ਹੈ।2।
ਸਭੁ ਕੋ ਆਸੈ ਤੇਰੀ ਬੈਠਾ ॥ ਘਟ ਘਟ ਅੰਤਰਿ ਤੂੰਹੈ ਵੁਠਾ ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥
ਹੇ ਦਾਤਾਰ, ਹਰੇਕ ਜੀਵ ਤੇਰੀ ਬਖਸ਼ਿਸ਼ ਦੀ ਆਸ ਰੱਖੀ ਬੈਠਾ ਹੈ, ਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ।
ਦੁਨੀਆ ਦੇ ਸਾਰੇ ਜੀਅ-ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿਸਦਾ, ਜੋ ਤੈਥੋਂ ਵੱਖਰਾ ਹੋਵੇ, ਜਿਸ ਵਿਚ ਤੂੰ ਨਾ ਹੋਵੇਂ।3।
ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥ ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥
ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥4॥2॥ 9॥
ਹੇ ਦਾਤਾਰ, ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ, ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਾ ਦੇਂਦਾ ਹੈਂ, ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗੁਲਾਮ ਬਣਾ ਕੇ ਜਨਮ-ਮਰਨ ਦੇ ਗੇੜ ਵਿਚ ਭਵਾਂਦਾ ਹੈਂ।
ਹੇ ਨਾਨਕ, ਆਖ, ਹੇ ਪ੍ਰਭੂ, ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ।4।2।9।
ਚੰਦੀ ਅਮਰ ਜੀਤ ਸਿੰਘ (ਚਲਦਾ)