ਗੁਰਬਾਣੀ ਦੀ ਸਰਲ ਵਿਆਖਿਆ ਭਾਗ(284) (97)
ਮਾਝ ਮਹਲਾ 5 ॥
ਅਨਹਦੁ ਵਾਜੈ ਸਹਜਿ ਸੁਹੇਲਾ ॥ ਸਬਦਿ ਅਨੰਦ ਕਰੇ ਸਦ ਕੇਲਾ ॥
ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥1॥
ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਫਤ-ਸਾਲਾਹ ਦਾ ਇਕ-ਰਸ ਵਾਜਾ ਵੱਜ ਰਿਹਾ ਹੈ, ਮੇਰਾ ਮਨ ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਹੋ ਰਿਹਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ।
ਗੁਰੂ ਦੀ ਮਿਹਰ ਨਾਲ ਮੈਂ ਆਤਮਕ ਅਡੋਲਤਾ-ਰੂਪ ਗੁਫਾ ਵਿਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ-ਪੁਰਖ ਦੇ ਚਰਨਾਂ ਵਿਚ ਸੋਹਣਾ ਟਿਕਾਣਾ ਬਣਾ ਲਿਆ ਹੈ ।1।
ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥ ਜੋ ਲੋੜੀਦਾ ਸੋਈ ਪਾਇਆ ॥
ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥2॥
ਹੇ ਸੰਤ-ਜਨੋ, ਗੁਰੂ ਨੇ ਮੈਨੂੰ ਆਤਮਕ ਚਾਨਣ ਦੇ ਕੇ ਸਭ ਵਿਚ ਵਿਆਪਕ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਹੈ, ਹੁਣ ਮੇਰਾ ਮਨ ਮੁੜ-ਘਿੜ ਅੰਤਰ-ਆਤਮੇ ਆ ਟਿਕਦਾ ਹੈ, ਜਿਹੜੀ ਆਤਮਕ ਸ਼ਾਨਤੀ ਮੈਨੂੰ ਚਾਹੀਦੀ ਸੀ, ਉਹ ਮੈਂ ਹਾਸਲ ਕਰ ਲਈ ਹੈ, ਤੇ
ਮੇਰਾ ਮਨ ਦੁਨੀਆ ਦੀਆਂ ਵਾਸਨਾਂ ਵਲੋਂ ਪੂਰਨ ਤੌਰ ਤੇ ਰੱਜ ਚੁੱਕਾ ਹੈ।2।
ਆਪੇ ਰਾਜਨੁ ਆਪੇ ਲੋਗਾ ॥ ਆਪਿ ਨਿਰਬਾਣੀ ਆਪੇ ਭੋਗਾ ॥
ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥3॥
ਗੁਰੂ ਦੀ ਕਿਰਪਾ ਨਾਲ ਮੈਨੂੰ ਦਿਸ ਪਿਆ ਹੈ ਕਿ ਪ੍ਰਭੂ ਆਪ ਹੀ ਪਾਤਸ਼ਾਹ ਹੈ ਤੇ ਆਪ ਹੀ ਪਰਜਾ ਰੂਪ ਹੈ। ਪ੍ਰਭੂ ਵਾਸਨਾ- ਰਹਿਤ ਵੀ ਹੈ ਤੇ ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ। ਉਹ ਸਦਾ-ਥਿਰ ਰਹਣ ਵਾਲਾ ਪ੍ਰਭੂ ਆਪ ਹੀ ਤਖਤ ਤੇ ਬੈਠਾ ਹੋਇਆ ਨਿਆਂ ਕਰ ਰਿਹਾ ਹੈ, ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਆਵੇ ਮੇਰਾ ਸਾਰਾ ਗੁੱਸਾ-ਗਿਲ੍ਹਾ ਮੁੱਕ ਚੁਕਿਆ ਹੈ।3।
ਜੇਹਾ ਡਿਠਾ ਮੈ ਤੇਹੋ ਕਹਿਆ ॥ ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥
ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥4॥3॥10॥
ਗੁਰੂ ਦੀ ਮਿਹਰ ਨਾਲ ਮੈਂ ਪਰਮਾਤਮਾ ਨੂੰ ਜਿਸ ਸਰਬ-ਵਿਆਪਕ ਰੂਪ ਵਿਚ ਵੇਖਿਆ ਹੈ, ਉਹੋ ਜਿਹਾ ਕਹਿ ਦਿੱਤਾ ਹੈ।
ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ, ਉਸ ਨੂੰ, ਉਸ ਦੇ ਮਿਲਾਪ ਦਾ ਆਨੰਦ ਆਉਂਦਾ ਹੈ।
ਹੇ ਨਾਨਕ, ਉਸ ਮਨੁੱਖ ਦੀ ਸੁਰਤ, ਪ੍ਰਭੂ ਦੀ ਜੋਤ ਨਾਲ ਜੁੜੀ ਰਹਿੰਦੀ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ
ਸਾਰੇ ਜਗਤ ਵਿਚ ਸਿਰਫ ਪਰਮਾਤਮਾ ਹੀ ਵਿਆਪਕ ਦਿਸਦਾ ਹੈ ।4।3।10।
ਚੰਦੀ ਅਮਰ ਜੀਤ ਸਿੰਘ (ਚਲਦਾ)