ਗੁਰਬਾਣੀ ਦੀ ਸਰਲ ਵਿਆਖਿਆ ਭਾਗ(287)
ਮਾਝ ਮਹਲਾ 5 ॥
ਪਾਰਬ੍ਰਹਮ ਅਪਰੰਪਰ ਦੇਵਾ ॥ ਅਗਮ ਅਗੋਚਰ ਅਲਖ ਅਭੇਵਾ ॥
ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥1॥
ਹੇ ਭਾਈ, ਗੁਰੂ ਦੀ ਸਰਨ ਪੈ ਕੇ ਉਸ ਹਰੀ ਦਾ ਸਿਮਰਨ ਕਰੋ, ਜੋ ਪਰਮ-ਆਤਮਾ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ, ਜੋ ਪ੍ਰਕਾਸ਼ ਰੂਪ ਹੈ, ਜੋ ਅਪਹੁੰਚ ਹੈ, ਜਿਸ ਤੱਕ ਗਿਆਨ ਇੰਦਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜਿਸ ਦਾ ਸਰੂਪ ਬਿਆਨ ਤੋਂ ਬਾਹਰਾ ਹੈ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ, ਜੋ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਉੱਚੀ ਆਤਮਕ ਅਵਸਥਾਂ ਦੇਣ ਵਾਲਾ ਹੈ।1।
ਗੁਰਮੁਖਿ ਮਧੁਸੂਦਨੁ ਨਿਸਤਾਰੇ ॥ ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥
ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥2॥
ਗੁਰੂ ਦੀ ਸਰਨ ਪਿਆਂ ਮਧੂ ਦੈਂਤ ਨੂੰ ਮਾਰਨ ਵਾਲਾ, ਵਿਕਾਰ-ਦੈਂਤ ਤੋਂ ਬਚਾ ਲੈਂਦਾ ਹੈ। ਗੁਰੂ ਦੀ ਸਰਨ ਪਿਆਂ ਮੁਰ-ਦੈਂਤ ਦਾ ਮਾਰਨ ਵਾਲਾ ਪ੍ਰਭੂ, ਸਦਾ ਲਈ ਸਾਥੀ ਬਣ ਜਾਂਦਾ ਹੈ। ਗੁਰੂ ਦੀ ਸਰਨ ਪਿਆਂ ਹੀ ਉਹ ਪ੍ਰਭੂ ਮਿਲਦਾ ਹੈ, ਜੋ ਦਇਆ ਦਾ ਸੋਮਾ ਹੈ ਤੇ ਜਿਸ ਨੂੰ ਦਮੋਦਰ ਕਿਹਾ ਜਾਂਦਾ ਹੈ, ਕਿਸੇ ਹੋਰ ਤਰੀਕੇ ਨਾਲ ਨਹੀਂ ਮਿਲ ਸਕਦਾ।2।
ਨਿਰਹਾਰੀ ਕੇਸਵ ਨਿਰਵੈਰਾ ॥ ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥
ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥3॥
ਕ੍ਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹਨ, ਉਹ ਪਰਮਾਤਮਾ ਕੇਸ਼ਵ (ਸੋਹਣੇ ਕੇਸਾਂ ਵਾਲਾ) ਕਿਸੇ ਨਾਲ ਵੈਰ ਨਹੀਂ ਰੱਖਦਾ
ਤੇ ਉਸ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਪੈਂਦੀ। ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਉਹ ਵੱਸ ਜਾਂਦਾ ਹੈ, ਉਹ ਮਨੁੱਖ ਉਸ ਪ੍ਰਭੂ ਦਾ ਅਨਿੱਨ ਭਗਤ ਬਣ ਜਾਂਦਾ ਹੈ।3।
ਅਮੋਘ ਦਰਸਨ ਬੇਅੰਤ ਅਪਾਰਾ ॥ ਵਡ ਸਮਰਥੁ ਸਦਾ ਦਾਤਾਰਾ ॥
ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥4॥6॥13॥
ਉਸ ਪਰਮਾਤਮਾ ਦਾ ਦਰਸ਼ਨ ਜ਼ਰੂਰ ਮਨ-ਭਾਉਂਦੇ ਫਲ ਦੇਂਦਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਉਹ ਵੱਡੀਆਂ ਤਾਕਤਾਂ ਵਾਲਾ ਹੈ, ਤੇ ਉਹ ਸਦਾ ਹੀ ਦਾਤਾਂ ਦੇਂਦਾ ਰਹਿੰਦਾ ਹੈ।
ਗੁਰੂ ਦੀ ਸਰਨ ਪੈ ਕੇ ਜੇ ਉਸ ਦਾ ਨਾਮ ਜਪੀਏ, ਤਾਂ ਉਸ ਨਾਮ ਦੀ ਬਰਕਤ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
ਪਰ ਹੇ ਨਾਨਕ, ਇਹ ਉੱਚੀ ਆਤਮਕ ਅਵਸਥਾ ਵਿਰਲਿਆਂ ਨੇ ਹੀ ਸਮਝੀ ਹੈ।4।6।13।
ਚੰਦੀ ਅਮਰ ਜੀਤ ਸਿੰਘ (ਚਲਦਾ)