ਗੁਰਬਾਣੀ ਦੀ ਸਰਲ ਵਿਆਖਿਆ ਭਾਗ(288)
ਮਾਝ ਮਹਲਾ 5 ॥
ਕਹਿਆ ਕਰਣਾ ਦਿਤਾ ਲੈਣਾ ॥ ਗਰੀਬਾ ਅਨਾਥਾ ਤੇਰਾ ਮਾਣਾ ॥
ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥1॥
ਹੇ ਪ੍ਰਭੂ , ਜੋ ਕੁਝ ਤੂੰ ਹੁਕਮ ਕਰਦਾ ਹੈਂ, ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵਾਂ ਨੂੰ ਮਿਲਦਾ ਹੈ। ਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਆਸਰਾ ਹੈ। ਹੇ ਮੇਰੇ ਪਿਆਰੇ ਪ੍ਰਭੂ, ਜਗਤ ਵਿਚ ਸਭ ਕੁਝ ਤੂੰ ਹੀ ਕਰ ਰਿਹਾ ਹੈਂ, ਤੂੰ ਹੀ ਕਰਾ ਰਿਹਾ ਹੈਂ। ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ।1।
ਭਾਣੈ ਉਝੜ ਭਾਣੈ ਰਾਹਾ ॥ ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥2॥
ਕਰਤਾਰ ਦੀ ਰਜ਼ਾ ਵਿਚ ਹੀ ਕਈ ਜੀਵ ਜ਼ਿੰਦਗੀ ਦਾ ਗਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ।
ਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ। ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ
ਮਾਇਆ ਦੇ ਮੋਹ ਦੀ ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ। ਇਹ ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ
ਹੀ ਹੋ ਰਿਹਾ ਹੈ।2।
ਨਾ ਕੋ ਮੂਰਖੁ ਨਾ ਕੋ ਸਿਆਣਾ ॥ ਵਰਤੈ ਸਭ ਕਿਛੁ ਤੇਰਾ ਭਾਣਾ ॥
ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥3॥
ਹੇ ਅਪਹੁੰਚ ਪ੍ਰਭੂ, ਹੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ, ਹੇ ਬੇਅੰਤ ਪ੍ਰਭੂ, ਹੇ ਅਥਾਹ ਪ੍ਰਭੂ, ਆਪਣੀ ਸਮਰਥਾ ਨਾਲ ਨਾ ਕੋਈ ਜੀਵ ਮੂਰਖ ਹੈ ਤੇ ਨਾ ਹੀ ਕੋਈ ਸਿਆਣਾ ਹੈ। ਜਗਤ ਵਿਚ ਜੋ ਵੀ ਹੋ ਰਿਹਾ ਹੈ, ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ। ਤੇਰੇ ਬਰਾਬਰ
ਦੀ ਕੋਈ ਚੀਜ਼ ਦੱਸੀ ਨਹੀਂ ਜਾ ਸਕਦੀ।3।
ਖਾਕੁ ਸੰਤਨ ਕੀ ਦੇਹੁ ਪਿਆਰੇ ॥ ਆਇ ਪਇਆ ਹਰਿ ਤੇਰੈ ਦੁਆਰੈ ॥
ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥4॥7॥14॥
ਹੇ ਪਿਆਰੇ ਹਰੀ, ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ ਆਪਣੇ ਸੰਤ-ਜਨਾਂ ਦੀ ਧੂੜ ਦੇਹ।
ਹੇ ਨਾਨਕ ਆਖ. ਪਰਮਾਤਮਾ ਦਾ ਦਰਸ਼ਨ ਕੀਤਿਆਂ, ਮਨ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ।4।7।14।
ਚੰਦੀ ਅਮਰ ਜੀਤ ਸਿੰਘ (ਚਲਦਾ)