ਗੁਰਬਾਣੀ ਦੀ ਸਰਲ ਵਿਆਖਿਆ ਭਾਗ(290)
ਮਾਝ ਮਹਲਾ 5 ॥
ਲਾਲ ਗੋਪਾਲ ਦਇਆਲ ਰੰਗੀਲੇ ॥ ਗਹਿਰ ਗੰਭੀਰ ਬੇਅੰਤ ਗੋਵਿੰਦੇ ॥
ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥1॥
ਹੇ ਪਿਆਰੇ ਪ੍ਰਭੂ, ਹੇ ਸ੍ਰਿਸ਼ਟੀ ਦੇ ਰਾਖੇ, ਹੇ ਦਇਆ ਦੇ ਘਰ, ਹੇ ਆਨੰਦ ਦੇ ਸੋਮੇ, ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ, ਹੇ ਬੇਅੰਤ ਗੋਬਿੰਦ, ਹੇ ਸਭ ਤੋਂ ਉੱਚੇ ਅਥਾਹ ਤੇ ਬੇਅੰਤ ਪ੍ਰਭੂ, ਹੇ ਸਵਾਮੀ, ਤੇਰੀ ਮਿਹਰ ਨਾਲ ਤੇਰਾ ਨਾਮ ਸਿਮਰ ਸਿਮਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।1।
ਦੁਖ ਭੰਜਨ ਨਿਧਾਨ ਅਮੋਲੇ ॥ ਨਿਰਭਉ ਨਿਰਵੈਰ ਅਥਾਹ ਅਤੋਲੇ ॥
ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥2॥
ਹੇ ਜੀਵਾਂ ਦੇ ਦੁੱਖ ਨਾਸ ਕਰਨ ਵਾਲੇ, ਹੇ ਕੀਮਤੀ ਪਦਾਰਥਾਂ ਦੇ ਖਜ਼ਾਨੇ, ਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ, ਤੇਰੀ
ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪ੍ਰਗਟ ਹੁੰਦਾ ਹੈਂ। ਤੇਰਾ ਨਾਮ ਮਨ ਵਿਚ
ਸਿਮਰ ਸਿਮਰ ਕੇ ਮੈਂ ਸ਼ਾਂਤ-ਚਿੱਤ ਹੋ ਜਾਂਦਾ ਹਾਂ।2।
ਸਦਾ ਸੰਗੀ ਹਰਿ ਰੰਗ ਗੋਪਾਲਾ ॥ ਊਚ ਨੀਚ ਕਰੇ ਪ੍ਰਤਿਪਾਲਾ ॥
ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥3॥
ਪਰਮਾਤਮਾ ਆਪਣੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਦਾ ਸਭ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈ, ਤੇ ਸਭ ਸੁਖ ਦੇਣ ਵਾਲਾ ਹੈ। ਜਗਤ ਵਿਚ ਉੱਚੇ ਅਖਵਾਣ ਵਾਲੇ ਤੇ ਨੀਵੇਂ ਅਖਵਾਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ। ਪਰਮਾਤਮਾ ਦਾ ਨਾਮ
ਸਭ ਰਸਾਂ ਦਾ ਸੋਮਾ ਹੈ, ਜੀਵਾਂ ਦੇ ਮਨ ਨੂੰ ਮਾਇਆ ਦੀ ਤ੍ਰਿਸ਼ਨਾ ਵਲੋਂ ਤ੍ਰਿਪਤ ਕਰਨ ਵਾਲਾ ਹੈ।
ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲੇ ਉਸ-ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ।3।
ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥ ਏਹ ਸੁਮਤਿ ਗੁਰੂ ਤੇ ਪਾਈ ॥
ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥4॥9॥16॥
ਹੇ ਪਿਆਰੇ ਪ੍ਰਭੂ, ਦੁੱਖ ਵਿਚ ਫਸਿਆ ਪਿਆ ਹੋਵਾਂ, ਚਾਹੇ ਸੁਖ ਵਿਚ ਵੱਸ ਰਿਹਾ ਹੋਵਾਂ, ਮੈਂ ਸਦਾ ਤੈਨੂੰ ਹੀ ਧਿਆਉਂਦਾ ਹਾਂ, ਤੇਰਾ ਹੀ ਧਿਆਨ ਧਰਦਾ ਹਾਂ, ਇਹ ਚੰਗੀ ਅਕਲ ਮੈਂ ਆਪਣੇ ਗੁਰੂ ਤੋਂ ਲਈ ਹੈ। ਹੇ ਸਭ ਦੇ ਪਾਲਣਹਾਰ, ਨਾਨਕ ਦਾ ਆਸਰਾ ਤੂੰ ਹੀ ਹੈਂ। ਹੇ ਭਾਈ, ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਲੀਨ ਹੋ ਕੇ ਹੀ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ ।4।9।16।
ਚੰਦੀ ਅਮਰ ਜੀਤ ਸਿੰਘ (ਚਲਦਾ)