ਗੁਰਬਾਣੀ ਦੀ ਸਰਲ ਵਿਆਖਿਆ ਭਾਗ(291)
ਮਾਝ ਮਹਲਾ 5 ॥
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰ ਮਿਲਿਆ ॥ ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥
ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥1॥
ਮੇਰੇ ਭਾ ਦਾ ਉਹ ਵੇਲਾ ਭਾਗਾਂ-ਵਾਲਾ ਸਾਬਤ ਹੋਇਆ, ਜਿਸ ਵੇਲੇ ਮੈਨੂੰ ਸ਼ਬਦ-ਗੁਰੂ ਮਿਲ ਪਿਆ, ਗੁਰੂ ਦਾ ਦਰਸ਼ਨ ਮੇਰੇ ਵਾਸਤੇ ਫਲ-ਦਾਇਕ ਹੋ ਗਿਆ, ਕਿਉਂਕਿ ਇਨ੍ਹਾਂ ਅੱਖਾਂ ਨਾਲ ਦਰਸ਼ਨ ਕਰਦਿਆਂ ਹੀ ਮੈਂ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਗਿਆ। ਸੋ ਮੇਰੇ ਵਾਸਤੇ ਉਹ ਮਹੂਰਤ, ਉਹ ਚਸੇ, ਉਹ ਪਲ, ਘੜੀਆਂ, ਗੁਰੂ ਦੇ ਮਿਲਾਪ ਸਮੇ ਸਾਰੇ ਹੀ ਭਾਗਾਂ-ਵਾਲੇ ਹਨ।1।
ਉਦਮੁ ਕਰਤ ਮਨੁ ਨਿਰਮਲੁ ਹੋਆ ॥ ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥2॥
ਗੁਰੂ ਦੀ ਦੱਸੀ, ਸਿਮਰਨ-ਕਾਰ ਵਾਸਤੇ ਉੱਦਮ ਕਰਦਿਆਂ ਮੇਰਾ ਮਨ ਪਵਿੱਤ੍ਰ ਹੋ ਗਿਆ ਹੈ, ਗੁਰੂ ਦੀ ਰਾਹੀਂ ਪ੍ਰਭੂ ਦੇ ਰਸਤੇ ਤੇ ਤੁਰਦਿਆਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ। ਗੁਰੂ ਨੇ ਮੈਨੂੰ ਸਾਰੇ ਗੁਣਾਂ ਦੇ ਖਜ਼ਾਨੇ, ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ, ਉਸ ਦੀ ਬਰਕਤ ਨਾਲ ਮੇਰੇ ਸਾਰੇ ਮਾਨਸਿਕ ਰੋਗ ਦੂਰ ਹੋ ਗਏ ਹਨ।2।
ਅੰਤਰਿ ਬਾਹਰਿ ਤੇਰੀ ਬਾਣੀ ॥ ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥
ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥3॥
ਹੇ ਪ੍ਰਭੂ, ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਵੀ ਨਾ ਹੋਇਆ, ਨਾ ਹੈ ਤੇ ਨਾ ਹੋਵੇਗਾ। ਇਸ ਵਾਸਤੇ ਹੁਣ ਮੈਨੂੰ ਅੰਦਰ ਬਾਹਰ, ਸਭ ਜੀਵਾਂ ਵਿਚ ਤੇਰੀ ਹੀ ਬਾਣੀ ਸੁਣਾਈ ਦੇ ਰਹੀ ਹੈ, ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ। ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ।3।
ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥ ਹਰਿ ਪੈਨਣੁ ਨਾਮੁ ਭੋਜਨੁ ਥੀਆ ॥
ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥4॥10॥17॥
ਹੇ ਨਾਨਕ ਆਖ, ਪਰਮਾਤਮਾ ਦੇ ਨਾਮ ਦਾ ਅੰਮ੍ਰਿਤ-ਰਸ ਦਾ ਸਵਾਦ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ। ਉਹੀ ਵੇਲਾ ਮੇਰੇ ਵਾਸਤੇ ਅੰਮ੍ਰਿਤ ਵੇਲਾ ਹੈ। ਹੁਣ ਪਰਮਾਤਮਾ ਦਾ ਨਾਮ ਹੀ ਮੇਰਾ ਖਾਣ ਪੀਣ ਹੈ ਤੇ ਨਾਮ ਹੀ ਮੇਰਾ ਹੰਢਾਣ ਹੈ, ਪ੍ਰਭੂ ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖੁਸ਼ੀਆਂ ਹਨ, ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਤਮਾਸ਼ੇ ਹਨ, ਪ੍ਰਭੂ-ਨਾਮ ਹੀ ਮੇਰੇ ਵਾਸਤੇ ਦੁਨੀਆ ਦੇ ਭੋਗ-ਬਿਲਾਸ ਹੈ।4।10।17।
ਚੰਦੀ ਅਮਰ ਜੀਤ ਸਿੰਘ