ਗੁਰਬਾਣੀ ਦੀ ਸਰਲ ਵਿਆਖਿਆ ਭਾਗ(292)
ਮਾਝ ਮਹਲਾ 5 ॥
ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥ ਕਰਉ ਬਿਨMਤੀ ਮਾਨੁ ਤਿਆਗਉ ॥
ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥1॥
ਹੇ ਪ੍ਰਭੂ, ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ, ਤੇ ਉਨ੍ਹਾਂ ਅੱਗੇ ਬੇਨਤੀ ਕਰਦਾ ਹਾਂ ਕਿ ਕਿਸੇ ਤਰ੍ਹਾਂ ਮੈਂ ਆਪਣੇ ਅੰਦਰੋਂ ਹੰਕਾਰ ਦੂਰ ਕਰ ਸਕਾਂ। ਹੇ ਪ੍ਰਭੂ, ਮੈਂ ਤੇਰੇ ਸੰਤ-ਜਨਾਂ ਤੋਂ ਲੱਖਾਂ ਵਾਰ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤ-ਜਨਾਂ ਦੇ ਚਰਨਾਂ ਦੀ ਧੂੜ ਬਖਸ਼।1।
ਤੁਮ ਦਾਤੇ ਤੁਮ ਪੁਰਖ ਬਿਧਾਤੇ ॥ ਤੁਮ ਸਮਰਥ ਸਦਾ ਸੁਖਦਾਤੇ ॥
ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥2॥
ਹੇ ਪ੍ਰਭੂ ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੇ ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ, ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ। ਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਂਦਾ ਹੈ, ਮੈਂ ਵੀ ਤੇਰੇ ਪਾਸੋਂ ਹੀ ਮੰਗ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤ ਦੇ ਕੇ ਮੇਰਾ ਮਨੁੱਖਾ ਜਨਮ ਦਾ ਸਮਾ ਸਫਲ ਕਰ।2।
ਦਰਸਨਿ ਤੇਰੈ ਭਵਨ ਪੁਨੀਤਾ ॥ ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥
ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥3॥
ਹੇ ਪ੍ਰਭੂ ਜਿਨ੍ਹਾਂ ਬੰਦਿਆਂ ਨੇ ਤੇਰੇ ਦਰਸ਼ਨ ਦੀ ਬਰਕਤ ਨਾਲ ਆਪਣੇ ਸਰੀਰ ਨਗਰ ਪਵਿੱਤ੍ਰ ਕਰ ਲਏ ਹਨ, ਉਨ੍ਹਾਂ ਨੇ ਹੀ ਇਸ ਔਖੇ ਮਨ-ਕਿਲ੍ਹੇ ਨੂੰ ਵੱਸ ਵਿਚ ਕੀਤਾ ਹੈ। ਹੇ ਪ੍ਰਭੂ, ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੂੰ ਹੀ ਸਭ ਨੂੰ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ।3।
ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥ ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥
ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥4॥11॥18॥
ਜਦੋਂ ਦੀ ਤੇਰੇ ਸੰਤ-ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ, ਮੇਰੀ ਭੈੜੀ ਮੱਤ ਨਾਸ ਹੋ ਗਈ ਹੈ, ਮੇਰੀ ਕੋਝੀ ਅਕਲ ਦੂਰ ਹੋ ਚੁੱਕੀ ਹੈ। ਹੇ ਨਾਨਕ ਆਖ, ਜਿਹੜੇ ਬੰਦੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ ਤੇ ਪ੍ਰਭੂ ਦੇ ਗੁਣ ਗਾਂਦੇ ਹਨ, ਉਨ੍ਹਾਂ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ, ਝੂਠੇ ਸੰਸਕਾਰ ਨਾਸ ਹੋ ਜਾਂਦੇ ਹਨ।4।11।18।
ਚੰਦੀ ਅਮਰ ਜੀਤ ਸਿੰਘ (ਚਲਦਾ)