ਗੁਰਬਾਣੀ ਦੀ ਸਰਲ ਵਿਆਖਿਆ ਭਾਗ(293)
ਮਾਝ ਮਹਲਾ 5 ॥
ਵਿਸਰੁ ਨਾਹੀ ਏਵਡ ਦਾਤੇ ॥ ਕਰਿ ਕਿਰਪਾ ਭਗਤਨ ਸੰਗਿ ਰਾਤੇ ॥
ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥1॥
ਹੇ ਇਤਨੇ ਵੱਡੇ ਦਾਤਾਰ, ਹੇ ਬੇ-ਅੰਤ ਦਾਤਾਂ ਦੇਣ ਵਾਲੇ ਪ੍ਰਭੂ. ਹੇ ਭਗਤਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ, ਮੇਰੇ ਉੱਤੇ ਕਿਰਪਾ ਕਰ, ਮੈਂ ਤੈਨੂੰ ਕਦੇ ਨਾ ਭੁੱਲਾਂ। ਮੈਨੂੰ iੲਹ ਦਾਨ ਦੇਹ ਕਿ ਜਿਵੇਂ ਹੋ ਸਕੇ ਮੈਂ ਦਿਨ-ਰਾਤ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ।1।
ਮਾਟੀ ਅੰਧੀ ਸੁਰਤਿ ਸਮਾਈ ॥ ਸਭ ਕਿਛੁ ਦੀਆ ਭਲੀਆ ਜਾਈ ॥
ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥2॥
ਹੇ ਪ੍ਰਭੂ, ਸਾਡੇ ਇਸ ਜੜ੍ਹ ਸਰੀਰ ਵਿਚ ਤੂੰ ਚੇਤਨਤਾ ਪਾ ਦਿੱਤੀ ਹੈ, ਤੂੰ ਸਾਨੂੰ ਜੀਵਾਂ ਨੂੰ ਸਭ ਕੁਝ ਦਿੱਤਾ ਹੋਇਆ ਹੈ, ਚੰਗੀਆਂ ਥਾਵਾਂ ਦਿੱਤੀਆਂ ਹੋਈਆਂ ਹਨ। ਹੇ ਪ੍ਰਭੂ ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ ਖੁਸ਼ੀਆਂ, ਖੇਡ ਤਮਾਸ਼ੇ ਕਰ ਰਹੇ ਹਨ, ਇਹ ਸਭ ਕੁਝ ਜੋ ਹੋ ਰਿਹਾ ਹੈ, ਤੇਰੀ ਰਜ਼ਾ ਅਨੁਸਾਰ ਹੀ ਹੋ ਰਿਹਾ ਹੈ।2।
ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥ ਛਤੀਹ ਅੰਮ੍ਰਿਤ ਭੋਜਨੁ ਖਾਣਾ ॥
ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥3॥
ਹੇ ਭਾਈ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ, ਜਿਸ ਦੀ ਮਿਹਰ ਨਾਲ ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ, ਆਰਾਮ ਕਰਨ ਲਈ ਸੁਖਦਾਈ ਮੰਜੇ-ਬਿਸਤਰੇ ਸਾਨੂੰ ਮਿਲੇ ਹੋੲ ਹਨ, ਠੰਡੀ ਹਵਾ ਅਸੀਂ ਮਾਣ ਰਹੇ ਹਾਂ, ਤੇ ਬੇਫਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ, ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ।3।
ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥
ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥4॥12॥19॥
ਹੇ ਪ੍ਰਭੂ ਮੈਨੂੰ ਅਜਿਹੀ ਅਕਲ ਦੇਹ, ਜਿਸ ਦੀ ਬਰਕਤ ਨਾਲ ਮੈਂ ਤੈਨੂੰ ਕਦੇ ਨਾ ਭੁਲਾਵਾਂ, ਮੈਨੂੰ ਉਹੀ ਮੱਤ ਦੇ ਕਿ ਮੈਂ ਤੈਨੂੰ ਸਿਮਰਦਾ ਰਹਾਂ।
ਹੇ ਨਾਨਕ ਆਖ, ਕਿ ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਂ ਜੋ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ।4।12।19।
ਚੰਦੀ ਅਮਰ ਜੀਤ ਸਿੰਘ (ਚਲਦਾ)