ਗੁਰਬਾਣੀ ਦੀ ਸਰਲ ਵਿਆਖਿਆ ਭਾਗ(294)
ਮਾਝ ਮਹਲਾ 5 ॥
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥ ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥
ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥1॥
ਹੇ ਰਜ਼ਾ ਦੇ ਮਾਲਕ ਪ੍ਰਭੂ, ਤੇਰਾ ਹੁਕਮ ਸਿਰ-ਮੱਥੇ ਤੇ ਮੰਨਣਾ, ਹੀ ਤੇਰੀ ਸਿਫਤ-ਸਾਲਾਹ ਹੈ। ਜੋ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਆਪਣਾ ਭਲਾ ਸਮਝਣਾ, ਇਹੀ ਅਸਲ ਗਿਆਨ ਹੈ, ਇਹੀ ਅਸਲ ਸਮਾਧੀ ਹੈ। ਹੇ ਭਾਈ, ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ, ਉਸ ਨੂੰ ਪਰਵਾਨ ਕਰਨਾ ਹੀ ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ।1।
ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥ ਜੋ ਸਾਹਿਬ ਤੇਰੈ ਮਨਿ ਭਾਵੈ ॥
ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥2॥
ਹੇ ਮਾਲਕ ਪ੍ਰਭੂ, ਆਤਮਕ ਜੀਵਨ ਦੇਣ ਵਾਲਾ ਤੇਰਾ ਅੰਮ੍ਰਿਤੁ-ਨਾਮ ਉਹੀ ਮਨੁੱਖ ਗਾ ਸਕਦਾ ਹੈ, ਜਿਹੜਾ ਤੈਨੂੰ ਮਨੋਂ ਪਿਆਰਾ ਲਗਦਾ ਹੈ। ਹੇ ਸਾਹਿਬ ਤੂੰ ਹੀ ਸੰਤ-ਜਨਾਂ ਦਾ ਸਹਾਰਾ ਹੈਂ, ਸਤ-ਸੰਗੀ ਤੇਰੇ ਆਸਰੇ ਹੀ ਜੀਉਂਦੇ ਹਨ, ਤੇਰੇ ਸੰਤ-ਜਨਾਂ ਦਾ ਮਨ ਸਦਾ ਤੇਰੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।2।
ਤੂੰ ਸੰਤਨ ਜੀ ਕਰਹਿ ਪ੍ਰਤਿਪਾਲਾ ॥ ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥
ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥3॥
ਹੇ ਗੋਪਾਲ ਪ੍ਰਭੂ, ਹੇ ਸ੍ਰਿਸ਼ਟੀ ਦੇ ਪਾਲਣਹਾਰ, ਤੂੰ ਆਪਣੇ ਸੰਤ-ਜਨਾਂ ਦੀ ਸਦਾ ਰੱਖਿਆ ਕਰਦਾ ਹੈਂ, ਤੇਰੇ ਚਰਨਾਂ ਵਿਚ ਜੁੜੇ ਰਹਿ ਕੇ ਸੰਤ-ਜਨ ਆਤਮਕ ਆਨੰਦ ਮਾਣਦੇ ਹਨ। ਤੈਨੂੰ ਆਪਣੇ ਸੰਤ-ਜਨ ਬਹੁਤ ਪਿਆਰੇ ਕਗਦੇ ਹਨ, ਤੂੰ ਸਤ-ਸੰਗੀਆਂ ਦੀ ਜਿੰਦ-ਜਾਨ ਹੈਂ।3।
ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥ ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥
ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥4॥13॥ 20॥
ਹੇ ਨਾਨਕ ਆਖ, ਹੇ ਪ੍ਰਭੂ, ਮੇਰਾ ਮਨ ਤੇਰੇ ਉਨ੍ਹਾਂ ਸੰਤ-ਜਨਾਂ ਤੋਂ ਸਦਾ ਸਦਕੇ ਹੈ, ਜਿਨ੍ਹਾਂ ਨੇ ਤੈਨੂੰ ਪਛਾਣਿਆ ਹੈ। ਤੇਰੇ ਨਾਲ ਡੂੰਘੀ ਸਾਂਝ ਪਾਈ ਹੈ, ਜਿਹੜੇ ਤੈਨੂੰ ਮਨੋਂ ਪਿਆਰੇ ਲਗਦੇ ਹਨ। ਜਿਹੜੇ ਵਡਭਾਗੀ ਉਨ੍ਹਾਂ ਦੀ ਸੰਗਤ ਵਿਚ ਰਹਿੰਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦਾ ਨਾਮ-ਰਸ ਪੀ ਕੇ ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ ਰੱਜੇ ਰਹਿੰਦੇ ਹਨ।4।13।20।
ਚੰਦੀ ਅਮਰ ਜੀਤ ਸਿੰਘ (ਚਲਦਾ)