ਗੁਰਬਾਣੀ ਦੀ ਸਰਲ ਵਿਆਖਿਆ ਭਾਗ(298)
ਮਾਝ ਮਹਲਾ 5 ॥
ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥ ਪ੍ਰਭੂ ਦਇਆ ਤੇ ਮੰਗਲੁ ਗਾਵਉ ॥
ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥1॥ (101)
ਪਰਮਾਤਮਾ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪਰਮਾਤਮਾ ਦੀ ਕਿਰਪਾ ਨਾਲ ਹੀ ਮੈਂ ਪਰਮਾਤਮਾ ਦੀ ਸਿਫਤ-ਸਾਲਾਹ ਦਾ ਗੀਤ ਗਾਂਦਾ ਹਾਂ। ਹੇ ਭਾਈ, ਉਠਦਿਆਂ ਬੈਠਦਿਆਂ, ਸੁਤਿਆਂ ਜਾਗਦਿਆਂ, ਸਾਰੀ ਉਮਰ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।1।
ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥ ਕਿਲਬਿਖ ਕਾਟੇ ਨਿਰਮਲੁ ਥੀਆ ॥
ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥2॥
ਪਰਮਾਤਮਾ ਦਾ ਨਾਮ-ਦਾਰੂ ਜਦੋਂ ਮੈਨੂੰ ਗੁਰੂ ਨੇ ਦਿੱਤਾ ਹੈ, ਇਸ ਦੀ ਬਰਕਤ ਨਾਲ ਮੇਰੇ ਸਾਰੇ ਪਾਪ ਕੱਟੇ ਗਏ, ਤੇ ਮੈਂ ਪਵਿੱਤ੍ਰਹੋ ਗਿਆ। ਮੇਰੇ ਅੰਦਰ ਆਤਮਕ ਸੁਖ ਪੈਦਾ ਹੋ ਗਿਆ, ਮੇਰੇ ਅੰਦਰੋਂ ਹਉਮੈ ਦੀ ਸਾਰੀ ਪੀੜਾ ਨਿਕਲ ਗਈ, ਮੇਰੇ ਸਾਰੇ ਦੁੱਖ-ਦਰਦ ਦੂਰ ਹੋ ਗਏ।2।
ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥ ਸੋ ਮੁਕਤਾ ਸਾਗਰ ਸੰਸਾਰਾ ॥
ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥3॥
ਹੇ ਭਾਈ ਮੇਰਾ ਪਿਆਰਾ ਪਰਮਾਤਮਾ ਜਿਸ ਜਿਸ ਮਨੁੱਖ ਦੀ ਮਦਦ ਕਰਦਾ ਹੈ, ਉਹ ਇਸ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਜਿਸ ਮਨੁੱਖ ਨੇ ਸ਼ਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ, ਉਸ ਨੂੰ ਇਸ ਸੰਸਾਰ-ਸਮੁੰਦਰ ਤੋਂ ਡਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ।3।
ਜਬ ਤੇ ਸਾਧੂ ਸੰਗਤਿ ਪਾਏ ॥ ਗੁਰ ਭੇਟਤ ਹਉ ਗਈ ਬਲਾਏ ॥
ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥4॥17॥24॥
ਹੇ ਭਾਈ, ਜਦੋਂ ਤੋਂ ਮੈਨੂੰ ਗੁਰੂ ਦੀ ਸੰਗਤ ਮਿਲੀ ਹੈ, ਗੁਰੂ ਨੂੰ ਮਿਲਿਆਂ ਮੇਰੇ ਅੰਦਰੋਂ ਹਉਮੈ ਦੀ ਬਲਾ ਦੂਰ ਹੋ ਗਈ। ਸੱਚੇ ਗੁਰੂ ਨੇ ਹਉਮੈ ਆਦਿ ਵਿਕਾਰਾਂ ਤੋਂ ਬਚਾ ਕੇ ਮੇਰੀ ਇੱਜ਼ਤ ਰੱਖ ਲਈ ਹੈ। ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ।4।17।24।
ਚੰਦੀ ਅਮਰ ਜੀਤ ਸਿੰਘ (ਚਲਦਾ)