ਗੁਰਬਾਣੀ ਦੀ ਸਰਲ ਵਿਆਖਿਆ ਭਾਗ(299)
ਮਾਝ ਮਹਲਾ 5 ॥
ਓਤਿ ਪੋਤਿ ਸੇਵਕ ਸੰਗਿ ਰਾਤਾ ॥ ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥
ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥1॥
ਜਿਵੇਂ ਕਪੜੇ ਦਾ ਸੂਤ ਤਾਣੇ-ਪੇਟੇ ਵਿਚ ਮਿਲਿਆ ਹੋਇਆ ਹੁੰਦਾ ਹੈ, ਤਿਵੇਂ ਪਰਮਾਤਮਾ, ਆਪਣੇ ਸੇਵਕ ਦੇ ਨਾਲ ਮਿਲਿਆ ਰਹਿੰਦਾ ਹੈ। ਜੀਵਾਂ ਨੂੰ ਸੁਖ ਦੇਣ ਵਾਲਾ ਪ੍ਰਭੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ। ਮੇਰੀ ਤਾਂਘ ਹੈ ਕਿ ਮੈਂ ਪ੍ਰਭੂ ਦੇ ਸੇਵਕਾਂ ਦੇ ਦਰ ਤੇ ਪਾਣੀ ਢੋਵਾਂ, ਪੱਖਾ ਫੇਰਾਂ, ਤੇ ਚੱਕੀ ਪੀਸਾਂ, ਕਿਉਂਕਿ ਸੇਵਕਾਂ ਨੂੰ ਪਾਲਣਹਾਰ ਪ੍ਰਭੂ ਦੇ ਸਿਮਰਨ ਦਾ ਹੀ ਉੱਦਮ ਰਹਿੰਦਾ ਹੈ।1।
ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥ ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥
ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥2॥
ਪਰਮਾਤਮਾ ਨੇ ਜਿਸ ਨੂੰ ਉਸ ਦੀ ਮਾਇਆ ਦੇ ਮੋਹ ਦੀ ਫਾਹੀ ਕੱਟ ਕੇ ਆਪਣੀ ਸੇਵਾ-ਭਗਤੀ ਵਿਚ ਜੋੜਿਆ ਹੈ, ਉਸ ਸਵਕ ਦੇ ਮਨ ਵਿਚ ਮਾਲਕ-ਪ੍ਰਭੂ ਦਾ ਹੁਕਮ ਪਿਆਰਾ ਲੱਗਣ ਲੱਗ ਪੈਂਦਾ ਹੈ। ਉਹ ਸੇਵਕ ਉਹੀ ਕਮਾਈ ਕਰਦਾ ਹੈ, ਜੋ ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਸੇਵਕ ਨਾਮ ਸਿਮਰਨ ਵਿਚ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਨ ਵਿਚ ਸਿਆਣਾ ਹੋ ਜਾਂਦਾ ਹੈ।2।
ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥ ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥
ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥3॥
ਹੇ ਪ੍ਰਭੂ, ਤੂੰ ਆਪਣੇ ਸੇਵਕਾਂ ਦੇ ਮਨ ਦੀ ਜਾਣਦਾ ਹੈਂ, ਤੂੰ ਆਪਣੇ ਸੇਵਕਾਂ ਦਾ ਪਾਲਣਹਾਰ ਹੈਂ, ਤੂੰ ਸੇਵਕਾਂ ਨੂੰ ਮਾਇਆ ਦੇ ਮੋਹ ਤੋਂ ਬਚਾਣ ਦੇ ਸਭ ਤਰੀਕੇ ਜਾਣਦਾ ਹੈਂ। ਹੇ ਭਾਈ, ਪਾਲਣਹਾਰ ਪ੍ਰਭੂ ਦੇ ਸੇਵਕ, ਪ੍ਰਭੂ ਦੇ ਮਿਲਾਪ ਦੇ ਆਤਮਕ ਆਨੰਦ ਮਾਣਦੇ ਹਨ। ਪਾਲਣਹਾਰ ਪ੍ਰਭੂ ਦਾ ਆਪਾ, ਉਸ ਦੇ ਸੇਵਕ ਦਾ ਆਪਾ ਬਣ ਜਾਂਦਾ ਹੈ, ਠਾਕੁਰ ਤੇ ਸੇਵਕ ਦੇ ਆਤਮਕ ਜੀਵਨ ਵਿਚ ਕੋਈ ਫਰਕ ਨਹੀਂ ਰਹਿ ਜਾਦਾ। ਠਾਕੁਰ ਦੇ ਚਰਨਾਂ ਵਿਚ ਜੁੜਿਆ ਰਹਿ ਕੇ ਸੇਵਕ, ਲੋਕ-ਪਰਲੋਕ ਵਿਚ ਪ੍ਰਗਟ ਹੋ ਜਾਂਦਾ ਹੈ।3।
ਅਪੁਨੈ ਠਾਕੁਰਿ ਜੋ ਪਹਿਰਾਇਆ ॥ ਬਹੁਰਿ ਨ ਲੇਖਾ ਪੁਛਿ ਬੁਲਾਇਆ ॥
ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥4॥18॥25॥
ਜਿਸ ਸੇਵਕ ਨੂੰ ਪਿਆਰੇ ਠਾਕੁਰ-ਪ੍ਰਭੂ ਨੇ ਸੇਵਾ-ਭਗਤੀ ਦਾ ਸਰੋਪਾ ਬਖਸ਼ਿਆ ਹੈ, ਉਸ ਨੂੰ ਮੁੜ ਉਸ ਦੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ, ਲੇਖਾ ਪੁੱਛਣ ਲਈ ਨਹੀਂ ਸੱਦਿਆ, ਉਹ ਸੇਵਕ ਮੰਦੇ ਕੱਮਾਂ ਵੱਲ ਜਾਂਦਾ ਹੀ ਨਹੀਂ। ਹੇ ਨਾਨਕ ਆਖ, ਉਸ ਸੇਵਕ ਤੋਂ ਮੈਂ ਸਦਕੇ ਜਾਂਦਾ ਹਾਂ। ਉਹ ਸੇਵਕ ਡੂੰਘੇ ਸੁਭਾ ਵਾਲਾ, ਵੱਡੇ ਜਿਗਰੇ ਵਾਲਾ, ਉੱਚੇ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।4।18।25। ਚੰਦੀ ਅਮਰ ਜੀਤ ਸਿੰਘ (ਚਲਦਾ)