ਗੁਰਬਾਣੀ ਦੀ ਸਰਲ ਵਿਆਖਿਆ ਭਾਗ(300)
ਮਾਝ ਮਹਲਾ 5 ॥
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥ 1॥
ਗੁਰੂ ਦੀ ਕਿਰਪਾ ਨਾਲ, ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪ੍ਰਭੂ ਨੂੰ ਲੱਭ ਲਿਆ ਹੈ, ਉਹ ਅੰਤ੍ਰ-ਆਤਮੇ
ਸਿਮਰਨ ਕਰਦੇ ਹੋਏ ਵੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਵੀ ਸਦਾ ਸੁਖੀ ਰਹਿੰਦੇ ਹਨ। ਸਾਰਾ ਆਤਮਕ ਸੁਖ ਹਿਰਦੇ
ਵਿਚ ਟਿਕੇ ਰਹਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ। ਜਿਹੜਾ ਮਨੁੱਖ, ਬਾਹਰ ਸੁਖ ਦੀ ਭਾਲ ਕਰਦਾ ਹੈ, ਉਹ ਸੁਖ
ਨਹੀਂ ਲੱਭ ਸਕਦਾ, ਅਜਿਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।1।
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥
ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥2॥
ਜਿਵੇਂ ਮੱਠੀ ਮੱਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਜੀਰ ਹੁੰਦੀ ਰਹਿੰਦੀ ਹੈ, ਤਿਵੇਂ ਜਦੋਂ ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਿਜੇ ਸਹਿਜੇ ਵਰ੍ਹਦੀ ਹੈ, ਤਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਜੀਰਦਾ ਜਾਂਦਾ ਹੈ, ਆਪਣੇ ਅੰਦਰ ਟਿਕਾਈ ਜਾਂਦਾ ਹੈ, ਉਸ ਅਵਸਥਾ ਵਿਚ ਮਨ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ।2।
ਜਨਮ ਜਨਮ ਕਾ ਵਿਛੁੜਿਆ ਮਿਲਿਆ ॥ ਸਾਧ ਕ੍ਰਿਪਾ ਤੇ ਸੂਕਾ ਹਰਿਆ ॥
ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥3॥
ਸਿਫਤ-ਸਾਲਾਹ ਦੀ ਬਰਕਤ ਨਾਲ ਜਨਮਾਂ-ਜਨਮਾਂਤਰਾਂ ਦਾ ਵਿਛੁੜਿਆ ਹੋਇਆ ਜੀਵ, ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ। ਮਨੁੱਖ ਦਾ ਰੁੱਖਾ ਹੋ ਚੁਕਿਆ ਮਨ, ਗੁਰੂ ਦੀ ਕਿਰਪਾ ਨਾਲ, ਪਿਆਰ-ਰਸ ਨਾਲ ਤਰ ਹੋ ਜਾਂਦਾ ਹੈ। ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮੱਤ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਗੁਰੂ ਦੀ ਸਰਨ ਪਿਆਂ ਜੀਵ ਦਾਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ।3।
ਜਲ ਤਰੰਗੁ ਜਿਉ ਜਲਹਿ ਸਮਾਇਆ ॥ ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥
ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥4॥19॥26॥
ਜਿਵੇਂ ਨਦੀ ਆਦਿਕ ਦੇ ਪਾਣੀ ਦੀ ਲਹਿਰ ਉਸ ਨਦੀ ਵਿਚੋਂ ਉੱਛਲ ਕੇ ਮੁੜ ਉਸ ਪਾਣੀ ਵਿਚ ਹੀ ਰਲ ਜਾਂਦੀ ਹੈ, ਤਿਵੇਂ ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ ਸੁਰਤ, ਜੋਤ, ਪ੍ਰਭੂ ਦੀ ਜੋਤ ਵਿਚ ਮਿਲ ਜਾਂਦੀ ਹੈ। ਹੇ ਨਾਨਕ ਆਖ, ਗੁਰੂ ਦੇ
ਸਨਮੁੱਖ ਹੋਕੇ ਸਿਮਰਨ ਕੀਤਿਆਂ ਮਨੁੱਖ ਦੇ ਭਟਕਣਾ ਰੂਪ ਤਖਤੇ, ਜਿਨ੍ਹਾਂ ਦੀ ਕੈਦ ਵਿਚ ਇਹ ਬੰਦਾ ਪਿਆ ਹੁੰਦਾ ਹੈ, ਖੁਲ੍ਹ ਜਾਂਦੇ
ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ-ਭੱਜ ਕਰਨ ਵਾਲੇ ਸੁਭਾਉ ਦਾ ਨਹੀਂ ਰਹਿੰਦਾ।4।19।26।
ਚੰਦੀ ਅਮਰ ਜੀਤ ਸਿੰਘ (ਚਲਦਾ)