ਗੁਰਬਾਣੀ ਦੀ ਸਰਲ ਵਿਆਖਿਆ ਭਾਗ(302)
ਮਾਝ ਮਹਲਾ 5 ॥
ਤੂੰ ਪੇਡੁ ਸਾਖ ਤੇਰੀ ਫੂਲੀ ॥ ਤੂੰ ਸੂਖਮੁ ਹੋਆ ਅਸਥੂਲੀ ॥
ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥1॥
ਹੇ ਪ੍ਰਭੂ, ਤੂੰ ਮਾਨੋ ਇਕ ਰੁੱਖ ਹੈਂ, ਇਹ ਸੰਸਾਰ, ਤੈਂ ਰੁੱਖ ਤੋਂ ਫੁੱਟੀਆਂ ਹੋਈਆਂ ਟਾਹਣੀਆਂ ਹਨ। ਹੇ ਪ੍ਰਭੂ, ਤੂੰ ਅਦਿੱਖ ਹੈਂ, ਇਹ ਦਿਸਦਾ ਜਗਤ, ਤੇਰੇ ਅਦਿੱਖ ਰੂਪ ਤੋਂ ਹੀ ਬਣਿਅ ਹੈ। ਹੇ ਪ੍ਰਭੂ, ਮਾਨੋ ਤੂੰ ਇਕ ਸਮੁੰਦਰ ਹੈਂ, ਇਹ ਸਾਰਾ ਜਗਤ ਪਸਾਰਾ, ਝੱਗ ਤੇ ਬੁਲਬੁਲਾ ਵੀ ਤੂੰ ਆਪ ਹੀ ਹੈਂ। ਤੈਥੋਂ ਬਿਨਾ ਹੋਰ ਕੁਝ ਵੀ ਨਹੀਂ ਦਿਸਦਾ।1।
ਤੂੰ ਸੂਤੁ ਮਣੀਏ ਭੀ ਤੂੰਹੈ ॥ ਤੂੰ ਗੰਠੀ ਮੇਰੁ ਸਿਰਿ ਤੂੰਹੈ ॥
ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥2॥
ਇਹ ਸਾਰਾ ਜਗਤ-ਪਸਾਰਾ, ਤੈਥੋਂ ਬਣਿਆ ਤੇਰਾ ਹੀ ਸਰੂਪ, ਮਾਨੋ ਇਕ ਮਾਲਾ ਹੈ। ਉਸ ਮਾਲਾ ਦਾ ਧਾਗਾ ਤੂੰ ਆਪ ਹੈਂ, ਮਣਕੇ ਵੀ ਤੂੰ ਆਪ ਹੈਂ, ਮਣਕਿਆਂ ਉੱਤੇ ਗੰਢ ਵੀ ਤੂੰ ਹੀ ਹੈਂ, ਸਭ ਮਣਕਿਆਂ ਦੇ ਸਿਰ ਉੱਤੇ ਮੇਰੂ ਮਣਕਾ ਵੀ ਤੂੰ ਹੀ ਹੈਂ।
ਹੇ ਭਾਈ, ਜਗਤ ਰਚਨਾ ਦੇ ਸ਼ੁਰੂ ਵਿਚ, ਮੱਧ ਵਿਚ ਤੇ ਅੰਤ ਵਿਚ ਪ੍ਰਭੂ ਆਪ ਹੀ ਆਪ ਹੈ। ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿਸਦਾ।2।
ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥
ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥3॥
ਹੇ ਪ੍ਰਭੂ, ਤੂੰ ਆਪਣੀ ਰਚੀ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈਂ, ਤਿੰਨਾਂ ਗੁਣਾਂ ਤੋਂ ਬਣਿਆ ਜਗਤ-ਪਸਾਰਾ ਵੀ ਤੂੰ ਆਪ ਹੀ ਹੈਂ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਵੀ ਤੂੰ ਹੀ ਹੈਂ। ਤੂੰ ਵਾਸਨਾ ਰਹਿਤ ਹੈਂ, ਸਭ ਜੀਵਾਂ ਵਿਚ ਵਿਆਪਕ ਹੋ ਕੇ, ਰਸਾਂ ਦੇ ਭੋਗਣ ਵਾਲਾ ਵੀ ਹੈਂ, ਤੇ ਰਸਾਂ ਦੇ ਪਿਆਰ ਵਿਚ ਮਸਤ ਵੀ ਹੈਂ। ਹੇ ਪ੍ਰਭੂ, ਇਹ ਆਪਣੇ ਖੇਡ-ਤਮਾਸ਼ੇ ਤੂੰ ਆਪ ਹੀ ਜਾਣਦਾ ਹੈਂ। ਤੂੰ ਆਪ ਹੀ ਸਾਰੀ
ਸੰਭਾਲ ਵੀ ਕਰ ਰਿਹਾ ਹੈਂ।3।
ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥ ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥
ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥4॥21॥28॥
ਹੇ ਪ੍ਰਭੂ, ਮਾਲਕ ਵੀ ਤੂੰ ਹੈਂ ਤੇ ਸੇਵਕ ਵੀ ਤੂੰ ਆਪ ਹੀ ਹੈਂ। ਹੇ ਪ੍ਰਭੂ ਸਾਰੇ ਸੰਸਾਰ ਵਿਚ ਤੂੰ ਲੁਕਿਆ ਹੋਇਆ ਵੀ ਹੈਂ, ਤੇ ਸੰਸਾਰ ਰੂਪ ਹੋ ਕੇ ਤੂੰ ਪ੍ਰਤੱਖ ਵੀ ਦਿਸ ਰਿਹਾ ਹੈਂ। ਹੇ ਨਾਨਕ ਆਖ, ਤੇਰਾ ਇਹ ਦਾਸ, ਸਦਾ ਤੇਰੇ ਗੁਣ ਗਾਂਦਾ ਹੈ। ਰਤਾ ਕੁ ਸਮਾ ਹੀ ਇਸ ਸੇਵਕ ਵੱਲ ਮਿਹਰ ਦੀ ਨਿਗਾਹ ਨਾਲ ਵੇਖ।4।21।28।
ਚੰਦੀ ਅਮਰ ਜੀਤ ਸਿੰਘ (ਚਲਦਾ)