ਗੁਰਬਾਣੀ ਦੀ ਸਰਲ ਵਿਆਖਿਆ ਭਾਗ(304)
ਮਾਝ ਮਹਲਾ 5 ॥
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥
ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥1॥
ਹੇ ਹਰੀ, ਤੇਰੀ ਸਿਫਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ, ਆਤਮਕ ਮੌਤ ਤੋਂ ਬਚਾਣ ਵਾਲੀ ਹੈ, ਗੁਰੂ ਦੀ ਉਚਾਰੀ ਹੋਈ ਇਹ ਬਾਣੀ, ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ। ਗੁਰੂ ਦਾ ਦਰਸ਼ਨ ਕਰ ਕੇ, ਗੁਰੂ ਦਾ ਸਿਧਾਂਤ ਸਮਝ ਕੇ ਤ੍ਰਿਸ਼ਨਾ ਈਰਖਾ ਆਦਿ ਦੀ ਸੜਨ ਬੁਝ ਜਾਂਦੀ ਹੈ ਤੇ ਮਨ ਠੰਡਾ-ਠਾਰ ਹੋ ਜਾਂਦਾ ਹੈ।1।
ਸੂਖੁ ਭਇਆ ਦੁਖੁ ਦੂਰਿ ਪਰਾਨਾ ॥ ਸੰਤ ਰਸਨ ਹਰਿ ਨਾਮੁ ਵਖਾਨਾ ॥
ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥2॥
ਗੁਰੂ ਦੀ ਰਸਨਾ ਨੇ ਜਦੋਂ ਪਰਮਾਤਮਾ ਦਾ ਨਾਮ ਉਚਾਰਿਆ, ਜਿਸ ਨੇ ਉਸ ਨੂੰ ਸੁਣਿਆ, ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ, ਉਸ ਦਾ ਦੁੱਖ ਦੂਰ ਹੋ ਗਿਆ। ਜਿਵੇ ਮੀਂਹ ਪੈਣ ਨਾਲ ਟੋਏ ਟਿੱਬੇ ਤਾਲਾਬ ਸਾਰੇ ਪਾਣੀ ਨਾਲ ਨੱਕਾ-ਨੱਕ ਭਰ ਜਾਂਦੇ
ਹਨ, ਤਿਵੇਂ ਗੁਰੂ ਦੇ ਦਰ ਤੇ ਪ੍ਰਭੂ-ਨਾਮ ਦੀ ਵਰਖਾ ਹੁੰਦੀ ਹੈ ਤੇ ਜਿਹੜੇ ਵਡਭਾਗੀ ਮਨੁੱਖ ਗੁਰੂ ਦੀ ਸਰਨ ਆਉਂਦੇ ਹਨ, ਉਨ੍ਹਾਂ ਦਾ ਮਨ ਉਨ੍ਹਾਂ ਦੇ ਗਿਆਨ ਇੰਦ੍ਰੇ, ਸਭ ਨਾਮ-ਜਲ ਨਾਲ ਨੱਕਾ-ਨੱਕ ਭਰ ਜਾਂਦੇ ਹਨ। ਗੁਰੂ ਦੇ ਦਰ ਤੇ ਆਇਆ ਕੋਈ ਮਨੁੱਖ ਨਾਮ- ਅੰਮ੍ਰਿਤ ਤੋਂ ਸੱਖਣਾ ਨਹੀਂ ਜਾਂਦਾ।2।
ਦਇਆ ਧਾਰੀ ਤਿਨਿ ਸਿਰਜਨਹਾਰੇ ॥ ਜੀਅ ਜੰਤ ਸਗਲੇ ਪ੍ਰਤਿਪਾਰੇ ॥
ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥3॥
ਉਸ ਸਿਰਜਣਹਾਰ ਪ੍ਰਭੂ ਨੇ ਮਿਹਰ ਕੀਤੀ ਤੇ ਗੁਰੂ ਘੱਲਿਆ, ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਵਿਕਾਰਾਂ ਤੋਂ ਰਾਖੀ ਦੀ ਵਿਉਂਤ ਬਣਾਈ। ਮਿਹਰਵਾਨ ਕ੍ਰਿਪਾਲ ਦਇਆਵਾਨ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਆਏ ਸਾਰੇ ਜੀਵ, ਮਾਇਆ ਦੀ ਤ੍ਰੇਹ-ਭੁੱਖ ਵਲੋਂ ਪੂਰਨ ਤੌਰ ਤੇ ਰੱਜ ਗਏ।3।
ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥ ਕਰਣਹਾਰਿ ਖਿਨ ਭੀਤਰਿ ਕਰਿਆ ॥
ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥4॥23॥30॥
ਜਿਵੇਂ ਜਦੋਂ ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ ਵਰਖਾ ਕੀਤੀ ਤਾਂ ਇਕ ਪਲ ਵਿਚ ਹੀ ਤਿੰਨਾਂ ਭਵਨਾਂ ਦਾ ਜੰਗਲ ਘਾਹ ਸਮੇਤ ਹਰਿਆ ਕਰ ਦਿੱਤਾ। ਤਿਵੇਂ ਉਸ ਦਾ ਭੇਜਿਆ ਗੁਰੂ (ਸ਼ਬਦ) ਨਾਮ ਦੀ ਵਰਖਾ ਕਰਦਾ ਹੈ, ਗੁਰੂ ਦਰ ਤੇ ਆਏ ਗੁਰਮੁੱਖਾਂ ਦੇ ਹਿਰਦੇ,
ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
ਹੇ ਨਾਨਕ, ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ, ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦਿੰਦਾ ਹੈ, ਦੁਨੀਆ ਦੀਆਂ ਆਸਾਂ ਤ੍ਰਿਸ਼ਨਾ ਵਿਚ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ।4।23।30।
ਚੰਦੀ ਅਮਰ ਜੀਤ ਸਿੰਘ (ਚਲਦਾ)