ਗੁਰਬਾਣੀ ਦੀ ਸਰਲ ਵਿਆਖਿਆ ਭਾਗ(305)
ਮਾਝ ਮਹਲਾ 5 ॥
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥
ਹੇ ਪ੍ਰਭੂ, ਤੂੰ ਮੇਰਾ ਪਿਉ ਦੇ ਥਾਂ ਹੈਂ, ਤੂੰ ਹੀ ਮੇਰਾ ਮਾਂ ਦੇ ਥਾਂ ਹੈਂ, ਤੂੰ ਮੇਰਾ ਰਿਸ਼ਤੇਦਾਰ ਹੈਂ, ਤੂੰ ਹੀ ਮੇਰਾ ਭਰਾ ਹੈਂ। ਹੇ ਪ੍ਰਭੂ, ਜਦੋਂ ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ ਤਾਂ ਮੈਨੂੰ ਕੋਈ ਡਰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਤੇ ਜ਼ੋਰ ਨਹੀਂ ਪਾ ਸਕਦਾ।1।
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥2॥
ਹੇ ਪ੍ਰਭੂ, ਤੇਰੀ ਮਿਹਰ ਸਦਕਾ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਮਾਣ ਕਰਨ ਦੀ ਥਾਂ ਹੈਂ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ, ਇਹ ਜਗਤ-ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ।2।
ਜੀਅ ਜੰਤ ਸਭਿ ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥3॥
ਹੇ ਪ੍ਰਭੂ, ਜਗਤ ਦੇ ਸਾਰੇ ਜੀਅ-ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੁੰਦੀ ਹੈ ਤੂੰ ਉਸ ਉਸ ਕੰਮ ਵਿਚ ਸਾਰੇ ਜੀਅ-ਜੰਤ ਲਾਏ ਹੋਏ ਹਨ। ਜਗਤ ਵਿਚ ਜੋ ਕੁਝ ਹੋ ਰਿਹਾ ਹੈ, ਸਭ ਤੇਰਾ ਕੀਤਾ ਹੀ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।3।
ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥4॥24॥31॥
ਹੇ ਭਾਈ, ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ। ਹੇ ਨਾਨਕ ਆਖ, ਪੂਰੇ ਗੁਰੂ (ਸ਼ਬਦ) ਦੀ ਰਾਹੀਂ ਮੇਰੇ ਅੰਦਰ ਆਤਮਕ ਉਤਸ਼ਾਹ ਦਾ ਮਾਨੋ ਢੋਲ ਵੱਜ ਪਿਆ ਹੈ ਤੇ ਮੈਂ ਵਿਕਾਰਾਂ ਨਾਲ ਹੋ ਰਿਹਾ ਔਖਾ ਘੋਲ ਜਿੱਤ ਲਿਆ ਹੈ।4।24।31।
ਚੰਦੀ ਅਮਰ ਜੀਤ ਸਿੰਘ (ਚਲਦਾ)