ਗੁਰਬਾਣੀ ਦੀ ਸਰਲ ਵਿਆਖਿਆ ਭਾਗ(306)
ਮਾਝ ਮਹਲਾ 5 ॥
ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ ॥ ਭਗਤ ਜੀਵਹਿ ਗੁਣ ਗਾਇ ਅਪਾਰਾ ॥
ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ ॥1॥
ਪਰਮਾਤਮਾ, ਭਗਤ-ਜਨਾਂ ਦੀ ਜਿੰਦ ਦਾ, ਪ੍ਰਾਣਾਂ ਦਾ, ਮਨ ਦਾ ਆਸਰਾ ਹੈ। ਭਗਤ ਬੇਅੰਤ-ਪ੍ਰਭੂ ਦੇ ਗੁਣ ਗਾ ਕੇ ਆਤਮਕ ਜ਼ਿੰਦਗੀ ਹਾਸਲ ਕਰਦੇ ਹਨ। ਪਰਮਾਤਮਾ, ਨਾਮ ਦੇ ਗੁਣਾਂ ਦਾ ਖਜ਼ਾਨਾ ਹੈ, ਪਰਮਾਤਮਾ ਦਾ ਨਾਮ ਆਤਮਕ ਮੌਤ ਤੋਂ ਬਚਾਣ ਵਾਲਾ ਹੈ। ਭਗਤ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦੇ ਹਨ।1।
ਮਨਸਾ ਧਾਰਿ ਜੋ ਘਰ ਤੇ ਆਵੈ ॥ ਸਾਧਸੰਗਿ ਜਨਮੁ ਮਰਣੁ ਮਿਟਾਵੈ ॥
ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥2॥
ਜਿਹੜਾ ਮਨੁੱਖ, ਪਰਮਾਤਮਾ ਦੇ ਮਿਲਾਪ ਦੀ ਤਾਂਘ ਕਰ ਕੇ ਘਰੋਂ ਤੁਰਦਾ ਹੈ, ਉਹ ਸਾਧ-ਸੰਗਤ ਵਿਚ ਆ ਕੇ, ਪ੍ਰਭੂ-ਨਾਮ ਦੀ ਬਰਕਤ ਨਾਲ ਆਪਣਾ ਜਨਮ-ਮਰਨ ਦਾ ਗੇੜ ਮੁਕਾ ਲੈਂਦਾ ਹੈ। ਸਾਧ-ਸੰਗਤ ਵਿਚ ਗੁਰੂ ਦਾ ਦਰਸ਼ਨ ਕਰ ਕੇ, ਗੁਰੂ ਦਾ ਸਿਧਾਂਤ ਸਮਝ ਕੇ ਉਸ ਦੀ ਇਹ ਆਸ ਪੂਰੀ ਹੋ ਜਾਂਦੀ ਹੈ, ਉਸ ਦਾ ਇਹ ਮਨੋਰਥ ਪੂਰਾ ਹੋ ਜਾਂਦਾ ਹੈ।2।
ਅਗਮ ਅਗੋਚਰ ਕਿਛੁ ਮਿਤਿ ਨਹੀ ਜਾਨੀ ॥ ਸਾਧਿਕ ਸਿਧ ਧਿਆਵਹਿ ਗਿਆਨੀ ॥
ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥3॥
ਜੋਗ-ਸਾਧਨ ਕਰਨ ਵਾਲੇ ਜੋਗੀ (ਸਾਧਿਕ), ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ (ਸਿਧ), ਗਿਆਨ-ਵਾਨ ਬੰਦੇ (ਗਿਆਨੀ) ਸਮਾਧੀਆਂ ਲਾਂਦੇ ਹਨ, ਪਰ ਕੋਈ ਮਨੁੱਖ ਇਹ ਪਤਾ ਨਹੀਂ ਕਰ ਸਕਿਆ ਕਿ ਉਹ ਅਪਹੁੰਚ ਪ੍ਰਭੂ, ਉਸ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ ਕੇਡਾ ਵੱਡਾ ਹੈ ? ਗੁਰੂ ਦੀ ਸਰਨ ਪੈ ਕੇ ਇਸ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਜਿਸ ਮਨੁੱਖ ਦਾ ਆਪਣੀ ਤਾਕਤ ਆਦਿ ਦਾ ਭੁਲੇਖਾ ਮੁਕ ਜਾਂਦਾ ਹੈ, ਗੁਰੂ ਨੇ ਉਸ ਦੇ ਮਨ ਵਿਚ ਹੀ, ਉਸ ਬੇਅੰਤ ਪ੍ਰਭੂ ਦਾ ਪ੍ਰਕਾਸ਼ ਕਰ ਦਿੱਤਾ ਹੈ।3।
ਅਨਦ ਮੰਗਲ ਕਲਿਆਣ ਨਿਧਾਨਾ ॥ ਸੂਖ ਸਹਜ ਹਰਿ ਨਾਮੁ ਵਖਾਨਾ ॥
ਹੋਇ ਕ੍ਰਿਪਾਲੁ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ ॥4॥25॥32॥
ਹੇ ਨਾਨਕ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਹਿਰਦੇ ਘਰ ਵਿਚ ਆਤਮਕ-ਆਨੰਦ ਖੁਸ਼ੀਆਂ ਦੇ ਖਜ਼ਾਨੇ ਪਰਗਟ ਹੋ ਜਾਂਦੇ ਹਨ, ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ। ਜਿਸ ਮਨੁੱਖ ਉੱਤੇ ਆਪਣਾ ਮਾਲਕ-ਪ੍ਰਭੂ ਦਇਆਵਾਨ ਹੋ ਜਾਂਦਾ ਹੈ ਉਸ ਦੇ ਹਿਰਦੇ-ਘਰ ਵਿਚ, ਉਸ ਦਾ ਨਾਮ ਵੱਸ ਪੈਂਦਾ ਹੈ।4।25।32।
ਚੰਦੀ ਅਮਰ ਜੀਤ ਸਿੰਘ (ਚਲਦਾ)