ਗੁਰਬਾਣੀ ਦੀ ਸਰਲ ਵਿਆਖਿਆ ਭਾਗ(307)
ਮਾਝ ਮਹਲਾ 5 ॥
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥ ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥
ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੁੋਪਾਲਾ ਜੀਉ ॥1॥
ਹੇ ਪ੍ਰਭੂ, ਤੇਰੀਆਂ ਸਿਫਤ-ਸਾਲਾਹ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਤੂੰ ਮੇਰਾ ਪਿਆਰਾ ਹੈਂ, ਤੂੰ ਮੇਰਾ ਪਾਲਣਹਾਰ ਹੇਂ, ਤੂੰ ਬਹੁਤ ਵੱਡਾ ਮਾਲਕ ਹੈਂ। ਹੇ ਪ੍ਰਭੂ, ਤੂੰ ਆਪਣੇ ਫਰਜ਼ ਨੂੰ ਆਪ ਹੀ ਜਾਣਦਾ ਹੈਂ। ਹੇ ਸ੍ਰਿਸ਼ਟੀ ਨੂੰ ਪਾਲਣ ਵਾਲੇ, ਮੈਨੂੰ ਤੇਰਾ ਹੀ ਆਸਰਾ ਹੈ।1।
ਗੁਣ ਗਾਵਤ ਮਨੁ ਹਰਿਆ ਹੋਵੈ ॥ ਕਥਾ ਸੁਣਤ ਮਲੁ ਸਗਲੀ ਖੋਵੈ ॥
ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥2॥
ਹੇ ਭਾਈ, ਪਰਮਾਤਮਾ ਦੀ ਸਿਫਤ-ਸਾਲਾਹ ਕਰ ਕੇ ਆਤਮਕ ਜੀਵਨ ਵਲੋਂ ਮੇਰਾ ਸੁੱਕਾ ਹੋਇਆ ਮਨ, ਹਰਾ ਹੁੰਦਾ ਜਾ ਰਿਹਾ ਹੈ, ਪ੍ਰਭੂ ਦੀਆਂ ਸਿਫਤ-ਸਾਲਾਹ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਦੀ ਵਿਕਾਰਾਂ ਦੀ ਸਾਰੀ ਮੈਲ ਦੂਰ ਹੋ ਰਹੀ ਹੈ। ਗੁਰੂ ਦੀ ਸੰਗਤ
ਵਾਲੇ, ਸੰਤ-ਜਨਾਂ ਨੂੰ ਮਿਲ ਕੇ ਮੈਂ ਸਦਾ ਉਸ ਦਇਆਲੂ ਪ੍ਰਭੂ ਦਾ ਨਾਮ ਜਪਦਾ ਹਾਂ।2।
ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ ॥ ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ ॥
ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥3॥
ਹੇ ਭਾਈ, ਮੈਂ ਆਪਣੇ ਪ੍ਰਭੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ ਹਾਂ, ਇਹ ਚੰਗੀ ਮੱਤ, ਮੈ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਟਿਕਾਈ ਹੋਈ ਹੈ। ਹੇ ਪ੍ਰਭੂ, ਤੇਰੀ ਕਿਰਪਾ ਨਾਲ ਹੀ ਜੀਵਾਂ ਦੇ ਮਨ ਵਿਚ ਤੇਰੇ ਨਾਮ ਦਾ ਚਾਨਣ ਹੋ ਸਕਦਾ ਹੈ, ਤੂੰ ਸਭ ਉੱਤੇ ਮਿਹਰ ਕਰਨ ਵਾਲਾ ਹੈਂ ਤੇ ਸਭ ਦੀ ਰੱਖਿਆ ਕਰਨ ਵਾਲਾ ਹੈਂ।3।
ਸਤਿ ਸਤਿ ਸਤਿ ਪ੍ਰਭੁ ਸੋਈ ॥ ਸਦਾ ਸਦਾ ਸਦ ਆਪੇ ਹੋਈ ॥
ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥4॥ 26॥33॥
ਹੇ ਭਾਈ, ਪ੍ਰਭੂ ਸਦਾ ਕਾਇਮ ਰਹਣ ਵਾਲਾ ਹੈ, ਸਦਾ ਕਾਇਮ ਰਹਣ ਵਾਲਾ ਹੈ, ਸਦਾ ਕਾਇਮ ਰਹਣ ਵਾਲਾ ਹੈ, ਸਦਾ ਹੀ, ਸਦਾ ਹੀ, ਸਦਾ ਹੀ ਉਹ ਆਪ ਹੀ ਆਪ ਹੈ।
(ਪੁਰਾਣੇ ਵੇਲਿਆਂ ਵਿਚ ਜਦੋਂ ਕੋਈ ਬੰਦਾ, ਕੋਈ ਗੱਲ ਤਿੰਨ ਵਾਰ ਕਹਿੰਦਾ ਸੀ ਤਾਂ ਉਸ ਗੱਲ ਨੂੰ ਸੱਚ ਮੰਨਿਆ ਜਾਂਦਾ ਸੀ, ਅੱਜ-ਕਲ ਜਿਸ ਗੱਲ ਨੂੰ ਬਹੁਤੀ ਵਾਰੀ ਕਿਹਾ ਜਾਂਦਾ ਹੈ, ਉਹ ਝੂਠ ਦਾ ਪ੍ਰਤੀਕ ਮੰਨੀ ਜਾਂਦੀ ਹੈ)
ਹੇ ਨਾਨਕ ਆਖ, ਹੇ ਪਿਆਰੇ ਪ੍ਰਭੂ, ਤੇਰੇ ਚੋਜ ਤਮਾਸ਼ੇ, ਤੇਰੇ ਰਚੇ ਹੋਏ ਸੰਸਾਰ ਵਿਚ ਪ੍ਰਤੱਖ ਦਿਸ ਰਹੇ ਹਨ। ਤੇਰਾ ਇਹ ਦਾਸ, ਉਨ੍ਹਾਂ ਨੂੰ ਵੇਖ ਕੇ ਨਿਹਾਲ ਹੋ ਰਿਹਾ ਹੈ, ਖੁਸ਼ ਹੋ ਰਿਹਾ ਹੈ।4।26।33।
ਚੰਦੀ ਅਮਰ ਜੀਤ ਸਿੰਘ (ਚਲਦਾ)